
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 9 ਅਕਤੂਬਰ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਹੁਕਮ ਅਦੂਲੀ ਦਾ ਸਾਹਮਣਾ ਕਰ ਰਹੇ ਅਖੌਤੀ ਸੰਤ ਰਾਮਪਾਲ ਨੂੰ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਦੇ ਜਸਟਿਸ ਐੱਚਐੱਸ ਸੇਠੀ ਤੇ ਜਸਟਿਸ ਵਿਕਾਸ ਸੂਰੀ ਦੇ ਬੈਂਚ ਨੇ ਰਾਮਪਾਲ ਖ਼ਿਲਾਫ਼ ਹੁਕਮ ਅਦੂਲੀ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਕੋਰਟ ਨੇ ਇਹ ਫ਼ੈਸਲਾ ਰਾਮਪਾਲ ਵੱਲੋਂ ਦਾਖ਼ਲ ਹਲਫ਼ਨਾਮੇ ਨੂੰ ਦੇਖਦੇ ਹੋਏ ਕੀਤਾ। ਇਸ ’ਚ ਉਸ ਨੇ ਬਗ਼ੈਰ ਕਿਸੇ ਸ਼ਰਤ ਦੇ ਮਾਫ਼ੀ ਮੰਗੀ ਸੀ। ਕੋਰਟ ਨੇ ਹਲਫ਼ਨਾਮੇ ਦੀ ਸਮੱਗਰੀ ਨੂੰ ਦੇਖਦੇ ਹੋਏ ਕਿਹਾ ਕਿ ਰਾਮਪਾਲ ਦੀ ਉਮਰ (75 ਸਾਲ) ਤੇ 2014 ਤੋਂ ਲਗਾਤਾਰਾ ਕੈਦ ਨੂੰ ਧਿਆਨ ’ਚ ਰੱਖ ਕੇ ਇਹ ਮਾਮਲਾ ਖ਼ਤਮ ਕੀਤਾ ਜਾ ਰਿਹਾ ਹੈ। ਭਵਿੱਖ ’ਚ ਜੇਕਰ ਰਾਮਪਾਲ ਜਾਂ ਉਸ ਦਾ ਕੋਈ ਪੈਰੋਕਾਰ ਇਸ ਤਰ੍ਹਾਂ ਦਾ ਕੰਮ ਕਰਦੇ ਹਨ, ਜਿਸ ਨੂੰ ਅਦਾਲਤ ਦੀ ਹੁਕਮ ਅਦੂਲੀ ਮੰਨਿਆ ਜਾ ਸਕੇ ਤਾਂ ਉਸ ’ਤੇ ਗੰਭੀਰਤਾ ਨਾਲ ਵਿਚਾਰ ਹੋਵੇਗਾ। ਜ਼ਿਕਰਯੋਗ ਹੈ ਕਿ ਕੋਰਟ ਨੇ 2014 ’ਚ ਹੁਕਮ ਅਦੂਲੀ ਦੀ ਕਾਰਵਾਈ ਸ਼ੁਰੂ ਕੀਤੀ ਸੀ। ਹਾਲਾਂਕਿ, ਸੂਬੇ ਖ਼ਿਲਾਫ਼ ਜੰਗ ਛੇੜਣ ਦੇ ਮਾਮਲੇ ’ਚ ਰਾਮਪਾਲ ਅਜੇ ਜੇਲ੍ਹ ’ਚ ਬੰਦ ਹੈ।



