ਰਾਜਾ ਵੜਿੰਗ ਤੇ ਆਸ਼ੂ ਧੜੇ ਵਿਚਕਾਰ ਮੁੜ ਉਭਰੇ ਮਤਭੇਦ
ਲੋਕ ਸਭਾ ਚੋਣਾਂ 'ਚ ਪਹਿਲੀ ਵਾਰ ਦੋਵਾਂ ਨੇਤਾਵਾਂ ਵਿਚਾਲੇ ਟਕਰਾਅ ਹੋਇਆ ਸੀ ਸ਼ੁਰੂ

ਚੰਡੀਗੜ੍ਹ, 2 ਜਨਵਰੀ- ਕਾਂਗਰਸ ਵਿੱਚ ਲੰਬੀ ਸ਼ਾਂਤੀ ਤੋਂ ਬਾਅਦ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦੇ ਧੜਿਆਂ ਵਿਚਕਾਰ ਮਤਭੇਦ ਸਾਹਮਣੇ ਆਉਣ ਲੱਗੇ ਹਨ। ਹਾਈ ਕੋਰਟ ਨੇ 20 ਦਸੰਬਰ ਨੂੰ ਵਿਜੀਲੈਂਸ ਵੱਲੋਂ ਦਰਜ ਐਫਆਈਆਰ ਰੱਦ ਕਰ ਦਿੱਤੀ ਸੀ। ਆਸ਼ੂ ਜੁਲਾਈ ਤੋਂ ਜੇਲ੍ਹ ਵਿੱਚ ਸਨ। ਹਾਈਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਕੋਈ ਵੀ ਸੀਨੀਅਰ ਕਾਂਗਰਸੀ ਆਗੂ ਆਸ਼ੂ ਦੇ ਸਮਰਥਨ ‘ਚ ਨਹੀਂ ਆਇਆ। ਲੰਬੀ ਉਡੀਕ ਤੋਂ ਬਾਅਦ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ, ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ, ਬਠਿੰਡਾ ਤੋਂ ਖੁਸ਼ਬਾਜ਼ ਜਟਾਣਾ ਆਸ਼ੂ ਦੇ ਸਮਰਥਨ ‘ਚ ਅੱਗੇ ਆਏ। ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਭਵਿੱਖ ਵਿੱਚ ਇਹ ਤਣਾਅ ਵਧ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੌਰਾਨ ਰਾਜਾ ਵੜਿੰਗ ਅਤੇ ਆਸ਼ੂ ਵਿਚਾਲੇ ਤਕਰਾਰ ਹੋ ਗਈ ਸੀ। ਆਸ਼ੂ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨਾ ਚਾਹੁੰਦੇ ਸਨ। ਜਦਕਿ ਰਾਜਾ ਵੜਿੰਗ ਬਠਿੰਡਾ ਤੋਂ ਚੋਣ ਲੜਨ ਦੇ ਇੱਛੁਕ ਸਨ ਪਰ ਬਾਅਦ ਵਿੱਚ ਉਨ੍ਹਾਂ ਲੁਧਿਆਣਾ ਤੋਂ ਚੋਣ ਲੜੀ। ਭਾਵੇਂ ਦੋਵੇਂ ਆਗੂ ਚੋਣਾਂ ਵਿੱਚ ਇਕੱਠੇ ਚੋਣ ਲੜ ਰਹੇ ਸਨ ਪਰ ਉਨ੍ਹਾਂ ਦੇ ਦਿਲਾਂ ਵਿੱਚ ਦੂਰੀ ਕਾਫੀ ਸੀ। ਵਿਜੀਲੈਂਸ ਨੇ 2000 ਕਰੋੜ ਰੁਪਏ ਦੇ ਟੈਂਡਰ ਘੁਟਾਲੇ ਸਬੰਧੀ ਆਸ਼ੂ ਖਿਲਾਫ ਐਫ.ਆਈ.ਆਰ. ਦਰਜ ਕੀਤੀ ਸੀ। ਜੇਲ੍ਹ ਜਾਣ ਤੋਂ ਬਾਅਦ ਕੋਈ ਵੀ ਆਗੂ ਆਸ਼ੂ ਦੇ ਨਾਲ ਨਹੀਂ ਖੜ੍ਹਾ ਹੋਇਆ। ਹਾਈ ਕੋਰਟ ਨੇ ਨਾ ਸਿਰਫ਼ ਆਸ਼ੂ ਖ਼ਿਲਾਫ਼ ਦਰਜ ਐਫਆਈਆਰ ਰੱਦ ਕਰ ਦਿੱਤੀ ਸਗੋਂ ਇਹ ਵੀ ਕਿਹਾ ਕਿ ਐਫਆਈਆਰ ਸਿਰਫ਼ ਉਸ ਨੂੰ ਤੰਗ ਕਰਨ ਲਈ ਦਰਜ ਕੀਤੀ ਗਈ ਸੀ। ਇਸ ਦੇ ਬਾਵਜੂਦ ਪੰਜਾਬ ਸਰਕਾਰ ਖ਼ਿਲਾਫ਼ ਕੋਈ ਵੀ ਕਾਂਗਰਸੀ ਆਸ਼ੂ ਦੇ ਸਮਰਥਨ ਵਿੱਚ ਨਹੀਂ ਆਇਆ। ਇਹੀ ਕਾਰਨ ਹੈ ਕਿ ਪਰਗਟ ਸਿੰਘ ਨੇ ਆਸ਼ੂ ਦਾ ਸਮਰਥਨ ਕਰਦੇ ਹੋਏ ਇਹ ਵੀ ਕਿਹਾ ਕਿ ਆਸ਼ੂ ‘ਚ ਰੀੜ ਦੀ ਹੱਡੀ ਹੈ। ਕਾਂਗਰਸੀ ਵਿਧਾਇਕ ਨੇ ਸਪੱਸ਼ਟ ਸੰਕੇਤ ਦਿੱਤਾ ਕਿ ਇਹੀ ਕਾਰਨ ਸੀ ਕਿ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ। ਖਾਸ ਗੱਲ ਇਹ ਹੈ ਕਿ ਕਾਂਗਰਸੀ ਆਗੂਆਂ ਨੇ ਮੀਡੀਆ ਸਾਹਮਣੇ ਉਸੇ ਦਿਨ ਆਪਣੇ ਵਿਚਾਰ ਰੱਖੇ, ਜਦੋਂ ਰਾਜਾ ਵੜਿੰਗ ਲੁਧਿਆਣਾ ਵਿਖੇ ਉਨ੍ਹਾਂ ਨੂੰ ਮੇਅਰ ਬਣਾਉਣ ਦੀ ਕਵਾਇਦ ਸਬੰਧੀ ਮੀਟਿੰਗ ਕਰਨ ਗਏ ਸਨ। ਇੱਥੋਂ ਤੱਕ ਕਿ ਰਾਜਾ ਵੜਿੰਗ ਦੀ ਮੀਟਿੰਗ ਵਿੱਚ ਕਾਂਗਰਸ ਦੇ ਸਾਰੇ ਵਿਧਾਇਕ ਸ਼ਾਮਲ ਨਹੀਂ ਹੋਏ। ਪਿਛਲੇ ਕਾਫੀ ਸਮੇਂ ਤੋਂ ਸ਼ਾਂਤ ਨਜ਼ਰ ਆ ਰਹੀ ਕਾਂਗਰਸ ਵਿੱਚ ਸੂਬਾ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਵਿਚਾਲੇ ਚੱਲ ਰਹੀ ਖਿੱਚੋਤਾਣ ਸਾਹਮਣੇ ਆਉਣ ਲੱਗੀ ਹੈ। ਮੰਨਿਆ ਜਾ ਰਿਹਾ ਹੈ ਕਿ ਆਸ਼ੂ ਦੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਇਹ ਲੜਾਈ ਲੰਬੀ ਹੋ ਸਕਦੀ ਹੈ।



