Punjab

ਰਾਜਸਥਾਨ ਤੋਂ ਆਇਆ ਬਾਜਰੇ ਦਾ ਟਰੱਕ ਫੜਿਆ, ਜ਼ਿਲ੍ਹਾ ਮੰਡੀ ਅਫਸਰ ਨੇ ਟਰੱਕ ਮਾਲਕ ਨੂੰ ਭੇਜਿਆ 1,26,000 ਰੁਪਏ ਜੁਰਮਾਨੇ ਦਾ ਨੋਟਿਸ

ਬੇਲਾ, 27 ਅਕਤੂਬਰ : ਸ੍ਰੀ ਚਮਕੌਰ ਸਾਹਿਬ ਦੇ ਇਲਾਕੇ ਵਿਚ ਸਥਿਤ ਪੋਲਟਰੀ ਫਾਰਮ ਦੇ ਮਾਲਕਾਂ ਵੱਲੋਂ ਦੂਜੇ ਸੂਬਿਆਂ ਤੋਂ ਮੱਕੀ, ਜੌਂ ਅਤੇ ਬਾਜਰਾ ਆਦਿ ਮੰਗਵਾਉਣ ਦੌਰਾਨ ਵੱਡੇ ਪੱਧਰ ’ਤੇ ਮਾਰਕੀਟ ਕਮੇਟੀ ਅਤੇ ਰੂਰਲ ਡਿਵੈੱਲਪਮੈਂਟ ਫੰਡ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜ਼ਿਲ੍ਹਾ ਮੰਡੀ ਅਫਸਰ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਸਕੱਤਰ ਦੀ ਹਾਜ਼ਰੀ ’ਚ ਮਾਮਲੇ ਦੀ ਪੜਤਾਲ ਕਰਨ ਉਪਰੰਤ ਪੋਲਟਰੀ ਫਾਰਮ ਦੇ ਮਾਲਕ ਨੂੰ ਸਵਾ ਲੱਖ ਰੁਪਏ ਤੋਂ ਵੱਧ ਦੇ ਜੁਰਮਾਨੇ ਦਾ ਨੋਟਿਸ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਬਹਿਰਾਮਪੁਰ ਵਿਖੇ ਸਥਿਤ ਮਨਜੀਤ ਪੋਲਟਰੀ ਫਾਰਮ ਦੇ ਮਾਲਕਾਂ ਵੱਲੋਂ ਰਾਜਸਥਾਨ ਤੋਂ ਬਾਜਰਾ ਮੰਗਵਾਇਆ ਗਿਆ ਸੀ। ਇਸ ਸਬੰਧੀ ਗੁਪਤ ਸੂਚਨਾ ਮਿਲਣ ’ਤੇ ਜ਼ਿਲ੍ਹਾ ਮੰਡੀ ਅਫਸਰ ਸੁਰਿੰਦਰਪਾਲ ਵੱਲੋਂ ਟਰੱਕ (ਆਰਜੇ 11 ਜੀਸੀ 4727) ਦਾ ਪਿੱਛਾ ਕੀਤਾ ਗਿਆ ਜੋ ਕਿ ਬਾਜਰਾ ਲੈ ਕੇ ਪੋਲਟਰੀ ਫਾਰਮ ’ਤੇ ਪੁੱਜਾ। ਇਸ ਟਰੱਕ ਨੂੰ ਲੈ ਕੇ ਆਏ ਤਾਲਿਬ ਨਾਮਕ ਡਰਾਈਵਰ ਨੇ ਦੱਸਿਆ ਕਿ ਇਸ ਟਰੱਕ ’ਚ ਰਾਜਸਥਾਨ ਦੀ ਮਾਲਕ ਖੇੜਾ ਮੰਡੀ ਤੋਂ 29 ਟਨ ਬਾਜਰਾ ਆਇਆ ਸੀ ਜੋ ਮਨਜੀਤ ਪੋਲਟਰੀ ਫਾਰਮ ਬਹਿਰਾਮਪੁਰ ਬੇਟ ਵਿਖੇ ਅਨਲੋਡ ਕੀਤਾ ਗਿਆ ਹੈ। ਇਸ ਸਬੰਧੀ ਟਰੱਕ ਡਰਾਈਵਰ ਤਾਲਿਬ ਅਤੇ ਪੋਲਟਰੀ ਫਾਰਮ ਦੇ ਅਧਿਕਾਰੀ ਨੇ ਮਾਰਕੀਟ ਕਮੇਟੀ ਸ਼੍ਰੀ ਚਮਕੌਰ ਸਾਹਿਬ ਦੇ ਸਕੱਤਰ ਅਰਵਿੰਦ ਸਿੰਘ ਨੂੰ ਮੌਕੇ ’ਤੇ ਬਾਜਰੇ ਦਾ ਬਿੱਲ ਵੀ ਦਿਖਾਇਆ ਪ੍ਰੰਤੂ ਉਹ ਮਾਰਕੀਟ ਕਮੇਟੀ ਫੀਸ ਤੇ ਰੂਰਲ ਡਿਵੈਲਪਮੈਂਟ ਫੰਡ ਦੀ ਅਦਾਇਗੀ ਸਬੰਧੀ ਕੋਈ ਰਸੀਦ ਆਦਿ ਨਹੀਂ ਦਿਖਾ ਸਕੇ। ਉਪਰੰਤ ਜ਼ਿਲ੍ਹਾ ਮੰਡੀ ਅਫਸਰ ਸੁਰਿੰਦਰ ਪਾਲ ਸਿੰਘ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਪੋਲਟਰੀ ਫਾਰਮ ਬਹਿਰਾਮਪੁਰ ਬੇਟ ਦੇ ਪਿੰਡ ਮਹਿਤੋਤ ਦੀ ਪੜਤਾਲ ਕੀਤੀ ਗਈ ਤਾਂ ਉੱਥੇ ਦੂਜਿਆਂ ਸੂਬਿਆਂ ਅਤੇ ਪੰਜਾਬ ’ਚੋਂ ਭਾਰੀ ਮਾਤਰਾ ’ਚ ਮੰਗਵਾਇਆ ਗਿਆ ਜੌਂ, ਬਾਜਰਾ ਤੇ ਮੱਕੀ ਦਾ ਸਟਾਕ ਪਾਇਆ ਗਿਆ। ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੂਜੇ ਸੂਬਿਆਂ ਤੋਂ ਮੰਗਵਾਈ ਗਈ ਜਿਣਸ ਮੱਕੀ, ਜੌਂ, ਬਾਜਰਾ ’ਤੇ ਮਾਰਕੀਟ ਫੀਸ ਅਤੇ ਰੂਰਲ ਡਿਵੈਲਪਮੈਂਟ ਫੰਡ ਲੈਣਾ ਬਣਦਾ ਹੈ। ਉਨ੍ਹਾਂ ਦੱਸਿਆ ਕਿ ਇਸ ’ਤੇ ਕਾਰਵਾਈ ਕਰਦਿਆਂ ਮਨਜੀਤ ਪੋਲਟਰੀ ਫਾਰਮ ਨੂੰ ਮਾਰਕੀਟ ਫੀਸ ਦੀ ਵਸੂਲੀ ਲਈ ਨੋਟਿਸ ਜਾਰੀ ਕੀਤਾ ਗਿਆ ਜਿਸ ਵਿਚ ਫੜਿਆ ਗਿਆ ਲਗਪਗ 600 ਕੁਇੰਟਲ ਬਾਜਰਾ ਜਿਸ ਦੀ ਕੀਮਤ 12 ਲੱਖ ਰੁਪਏ ਤੋਂ ਵੱਧ ਬਣਦੀ ਹੈ, ’ਤੇ ਤਿੰਨ ਪ੍ਰਤੀਸ਼ਤ ਦੇ ਹਿਸਾਬ ਨਾਲ 36,000 ਮਾਰਕੀਟ ਫੀਸ ਅਤੇ 36,000 ਆਰਡੀਐੱਫ ਅਤੇ 36,000 ਰੁਪਏ ਬਰਾਬਰ ਦਾ ਜੁਰਮਾਨਾ ਸਮੇਤ ਕੁੱਲ 1,08,000 ਅਤੇ ਲਗਪਗ 2 ਲੱਖ ਦੀ 100 ਕੁਇੰਟਲ ਮੱਕੀ ਦੀ ਬਣਦੀ ਮਾਰਕੀਟ ਫੀਸ 6,000, ਆਰਡੀਐੱਫ 6,000, ਜੁਰਮਾਨਾ 6000 ਸਮੇਤ ਕੁੱਲ 18,000 ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਪੋਲਟਰੀ ਫਾਰਮ ਬਹਿਰਾਮਪੁਰ ਤੋਂ ਕੁੱਲ 1,26,000 ਰੁਪਏ ਦੀ ਵਸੂਲੀ ਲਈ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਸਕੱਤਰ ਅਰਵਿੰਦ ਸਿੰਘ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਸਕੱਤਰ ਅਰਵਿੰਦ ਸਿੰਘ ਨੇ ਦੱਸਿਆ ਕਿ ਉਕਤ ਪੋਲਟਰੀ ਫਾਰਮ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਦੋ ਦਿਨਾਂ ’ਚ ਫੀਸ ਅਤੇ ਜੁਰਮਾਨਾ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ। ਇਸ ਮੌਕੇ ਡਰਾਈਵਰਾਂ ਨੇ ਦੱਸਿਆ ਕਿ ਦੋ ਟਰੱਕ ਹੋਰ ਬਾਜਰੇ ਦੇ ਰਾਜਸਥਾਨ ਤੋਂ ਆ ਰਹੇ ਹਨ ਪ੍ਰੰਤੂ ਉੱਚੀ ਪਹੁੰਚ ਰੱਖਣ ਵਾਲੇ ਉਕਤ ਪੋਲਟਰੀ ਫਾਰਮ ਵਾਲਿਆਂ ਦੇ ਪੰਜਾਬ ਵਿਚ ਹੋਰ ਵੀ ਕਈ ਵੱਡੇ ਪੋਲਟਰੀ ਫਾਰਮ ਹਨ ਅਤੇ ਜਿਨਾਂ ਵੱਲੋਂ ਵੱਡੇ ਪੱਧਰ ’ਤੇ ਰਾਜਸਥਾਨ ਤੋਂ ਜੌਂ, ਮੱਕੀ ਤੇ ਬਾਜਰਾ ਆਦਿ ਮੰਗਵਾਇਆ ਜਾਂਦਾ ਹੈ। ਇਸ ਮੌਕੇ ਪੋਲਟਰੀ ਫਾਰਮ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਸਿਕੰਦਰ ਸਿੰਘ ਸਹੇੜੀ, ਬੇਲਾ ਮੰਡੀ ਇੰਚਾਰਜ ਬਲਜੀਤ ਸਿੰਘ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button