
ਬਠਿੰਡਾ, 28 ਜੁਲਾਈ : ਜਮਾਨੇ ਦੀ ਤੇਜ਼ ਹੁੰਦੀ ਰਫਤਾਰ ਕਾਰਨ ਅਤੇ ਆਧੁਨਿਕਤਾ ਨੇ ਸਾਡੇ ਪੁਰਾਤਨ ਰੀਤ ਰਿਵਾਜ਼ਾਂ ਨੂੰ ਖਾਤਮੇ ਵੱਲ ਤੋਰ ਦਿੱਤਾ ਹੈ ਜਾਂ ਫ਼ਿਰ ਸਾਡੇ ਰੀਤੀ ਰਿਵਾਜ ਤੇ ਤਿਉਹਾਰਾਂ ਦਾ ਮੂੰਹ ਮੁਹਾਦਰਾ ਬਦਲ ਗਿਆ ਹੈ, ਉੱਥੇ ਸਾਉਣ ਦੇ ਮਹੀਨੇ ’ਚ ਪਿੰਡਾਂ ਦੀਆਂ ਸੁਹਾਗਣ ਵੱਲੋਂ ਲਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਵੀ ਇਕ ਰਸਮ ਬਣ ਕੇ ਰਹਿ ਗਿਆ ਹੈ। ਹੁਣ ਤੀਆਂ ਤਿਉਹਾਰ ਸਿਰਫ਼ ਸਟੇਜਾਂ ਦਾ ਸਿੰਗਾਰ ਨਜ਼ਰ ਆਉਂਦਾ ਹੈ। ਬਹੁਤੇ ਪਿੰਡਾਂ ਅੰਦਰ ਤਾਂ ਤੀਆਂ ਦੇ ਤਿਉਹਾਰ ਲੱਗਣੋਂ ਹੀ ਹੱਟ ਗਿਆ ਹੈ। ਇਸ ਤਿਉਹਾਰ ਹੁਣ ਸਿਰਫ਼ ਸਕੂਲਾਂ, ਕਾਲਜਾਂ ਅਤੇ ਸ਼ਹਿਰਾਂ ਦੀਆਂ ਕੁੱਝ ਸੰਸਥਾਵਾਂ ਵੱਲੋਂ ਮਨਾਏ ਜਾ ਰਹੇ ਹਨ। ਸੁਹਾਗਣਾ ਦਾ ਤਿਉਹਾਰ ਮੰਨੇ ਜਾਣ ਵਾਲੀਆਂ ਤੀਆਂ ਦੀ ਪੁਰਾਤਣ ਦਿੱਖ ਵੀ ਬਿਲਕੁਲ ਬਦਲ ਗਈ ਹੈ। ਹੁਣ ਸੁਹਾਗਣਾ ਪਹਿਲਾਂ ਦੀ ਤਰ੍ਹਾਂ ਪਿੰਡਾਂ ਅੰਦਰ ਇਕੱਠੀਆਂ ਹੁੰਦੀਆਂ ਨਜ਼ਰ ਨਹੀਂ ਆਉਦੀਆਂ। ਪਹਿਲਾਂ ਪਿੰਡ ਦੀਆਂ ਵਿਹਾਈਆਂ ਕੁੜੀਆਂ ਤੀਆਂ ਦੇ ਤਿਉਹਾਰ ’ਤੇ ਇਕੱਠੀਆਂ ਹੋ ਕੇ ਜਿੱਥੇ ਨੱਚਦੀਆਂ ਟੱਪਦੀਆਂ ਤੇ ਗਿੱਧਾ ਪਾਉਂਦੀਆਂ ਸਨ ਉੱਥੇ ਹੀ ਆਪਣੇ ਦੁੱਖ-ਸੁੱਖ ਸਾਂਝੇ ਕਰਦੀਆਂ ਸਨ, ਪਰ ਸਮੇਂ ਦੀ ਤੇਜ਼ ਰਫ਼ਤਾਾਰ ਨੇ ਸਭ ਕੁੱਝ ਬਦਲ ਕੇ ਰੱਖ ਦਿੱਤਾ ਹੈ। ਸਾਉਣ ਦੇ ਮਹੀਨੇ ’ਚ ਪਿੰਡਾਂ ’ਚ ਲੱਗੇ ਬੋਹੜਾਂ ਤੇ ਪਿੱਪਲਾਂ ’ਤੇ ਪੈਣ ਵਾਲੀਆਂ ਪੀਘਾਂ ਬਦਲਦੇ ਜ਼ਮਾਨੇ ਦੀ ਰਫ਼ਤਾਰ ’ਚ ਗੁਆਚ ਗਈਆਂ ਜਾਪਦੀਆਂ ਹਨ। ਅੱਜ ਤੋਂ ਕਰੀਬ ਢਾਈ ਦਹਾਕੇ ਪਹਿਲਾਂ ਪੰਜਾਬ ਦੇ ਪਿੰਡਾਂ ’ਚ ਸਾਉਣ ਦੇ ਮਹੀਨੇ ’ਚ ਨਵ-ਵਿਆਹੀਆਂ ਮੁਟਿਆਰਾਂ ਵੱਲੋਂ ਪਿੰਡ ਦੀ ਸਾਂਝੀ ਥਾਂ ’ਤੇ ਪਿੱਪਲ ਤੇ ਬੋਹੜ ਦੇ ਦਰੱਖਤਾਂ ਹੇਠਾਂ ਤੀਆਂ ਲਾਉਂਦੀਆਂ ਸਨ ਤੇ ਪੀਘਾਂ ਝੂਟੀਆਂ ਜਾਂਦੀਆਂ ਸਨ ਜਿੱਥੇ ਪਿੰਡਾਂ ਦੀਆਂ ਨਵ-ਵਿਆਹੀਆਂ ਮੁਟਿਆਰਾਂ ਵੱਲੋਂ ਨੱਚ ਟੱਪ ਕੇ ਆਪਣੇ ਮਨ ਦੇ ਵਲਵਲੇ ਇਕ-ਦੂਜੀ ਨਾਲ ਸਾਂਝੇ ਕੀਤੇ ਜਾਂਦੇ ਸਨ। ਪੁਰਾਤਨ ਸਮੇਂ ’ਚ ਨਵ-ਵਿਆਹੀਆਂ ਲੜਕੀਆਂ ਨੂੰ ਸਹੁਰੇ ਘਰ ਸੱਸਾ ਆਪਣੇ ਮੱਥੇ ਲਾਉਣਾ ਅਪਸ਼ਗਨ ਮੰਨਦੀਆਂ ਸਨ, ਜਿਸ ਕਾਰਨ ਨਵ-ਵਿਆਹੀਆਂ ਕੁੜੀਆਂ, ਜਿਸ ਕਾਰਨ ਉਹ ਆਪਣੇ ਪੇਕੇ ਪਿੰਡ ਆ ਕੇ ਤੀਆਂ ਵਿਚ ਹਿੱਸਾ ਲੈਂਦੀਆਂ ਸਨ ਅਤੇ ਭਾਦੋਂ ਦੇ ਮਹੀਨੇ ਆਪਣੇ ਸੁਹਰੇ ਘਰ ਚਲੀਆਂ ਜਾਂਦੀਆਂ ਸਨ। ਸਾਉਣ ਮਹੀਨੇ ਹਰ ਘਰ ’ਚ ਖੀਰ ਪੂੜੇ, ਮੰਨੀਆਂ, ਗੁਲਗੁਲੇ ਆਮ ਹੀ ਪਕਾਏ ਜਾਂਦੇ ਸਨ, ਪਰ ਹੁਣ ਇਹ ਸਭ ਕੁਝ ਤੇਜ਼ ਜਮਾਨੇ ਦੀ ਰਫ਼ਤਾਰ ਵਿਚ ਗੁਆਚ ਗਿਆ ਹੈ। ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੇ ਸਮਾਜਿਕ ਤਾਣੇ-ਬਾਣੇ ’ਤੇ ਚੋਟ ਕਰਦਿਆਂ ਕਿਹਾ ਸੀ ਕਿ ਧੀਆਂ ਹੁੰਦੀਆਂ ਧੀਆਂ, ਨੀ ਧੀਆਂ ਬਾਜ ਨਾ ਲੱਗਣ ਤੀਆਂ, ਕਹਿ ਗਏ ਸੱਚ ਸਿਆਣੇ ਜੀ ਹਾਂ ਧੀਆਂ ਨੂੰ ਸਤਿਕਾਰ ਦਿਓ, ਰੱਬ ਦੇ ਕੰਮ ‘ਚ ਵਿਘਨ ਪਊਗਾ ਧੀ ਨਾ ਮਾਰ ਦਿਓ। ਭਾਵੇਂ ਕਿ ਤੀਆਂ ਦਾ ਇਹ ਤਿਉਹਾਰ ਦਿਨੋਂ-ਦਿਨ ਗੁਆਚਦਾ ਨਜ਼ਰ ਆ ਰਿਹਾ ਹੈ, ਪਰ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ ਵੱਲੋਂ ਇਹ ਤਿਉਹਾਰ ਹਰ ਸਾਲ ਸ਼ਹਿਰ ਦੀਆਂ ਔਰਤਾਂ ਨਾਲ ਜੋਸ਼-ਖਰੋਸ਼ ਨਾਲ ਮਨਾਇਆ ਜਾਂਦਾ ਹੈ, ਪਰ ਪਿੰਡਾਂ ਵਿਚ ਸਾਉਣ ਮਹੀਨੇ ਲੱਗਣ ਵਾਲੀਆਂ ਰੌਣਕਾਂ ਲਗਭਗ ਖਤਮ ਹੋ ਗਈਆਂ ਹਨ। ਕੁੱਝ ਟਾਵੇਂ ਟਾਵੇਂ ਪਿੰਡਾਂ ਅੰਦਰ ਤੀਆਂ ਜ਼ਰੂਰ ਮਨਾਈਆਂ ਜਾਂਦੀਆਂ ਪਰ ਇਹ ਇੱਕ ਰਸਮ ਬਣ ਕੇ ਰਹਿ ਗਈਆਂ ਹਨ।



