Punjab

ਰਣਜੀਤ ਸਾਗਰ ਡੈਮ ਦੇ ਸਾਰੇ ਗੇਟ ਖੋਲ੍ਹੇ

ਪਠਾਨਕੋਟ 'ਚ ਕਈ ਪਿੰਡਾਂ ਦਾ ਸੰਪਰਕ ਟੁੱਟਿਆ

ਪਠਾਨਕੋਟ, 25 ਅਗਸਤ : ਜ਼ਿਲ੍ਹਾ ਪਠਾਨਕੋਟ ਅੰਦਰ ਹੋ ਰਹੀ ਲਗਾਤਾਰ ਬਾਰਸ਼ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਬੀਤੇ ਦਿਨ ਬਾਰਸ਼ ਕਾਰਨ ਚੱਕੀ ਪੁੱਲ ‘ਤੇ ਬਣਿਆ ਪੁਰਾਣਾ ਪੁਲ ਟੁੱਟ ਗਿਆ ਸੀ ਜਿਸ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਚੱਕੀ ਪੁੱਲ ‘ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਤਾਂ ਜੋ ਲੋਕਾਂ ਨੂੰ ਕਿਸੇ ਅਣਸੁਖਾਵੀਂ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ। ਲਗਾਤਾਰ ਹੋ ਰਹੀ ਬਾਰਸ਼ ਕਾਰਨ ਹਲਕਾ ਸੁਜਾਨਪੁਰ ਅਧੀਨ ਆਉਂਦਾ ਪਿੰਡ ਥਰਿਆਲ ਪਾਣੀ ਨਾਲ ਭਰ ਗਿਆ। ਪਾਣੀ ਲੋਕਾਂ ਦੇ ਘਰਾਂ ਤੇ ਦੁਕਾਨਾਂ ‘ਚ ਪਹੁੰਚਣ ਕਾਰਨ ਲੋਕਾਂ ਦੇ ਸਾਮਾਨ ਦਾ ਨੁਕਸਾਨ ਹੋਇਆ ਹੈ। ਹਲਕਾ ਬਮਿਆਲ ਦੇ ਕਈ ਪਿੰਡ ਪਾਣੀ ਦੀ ਲਪੇਟ ‘ਚ ਹਨ। ਕਈ ਸੜਕਾਂ ਟੁੱਟ ਚੁੱਕੀਆਂ ਹਨ ਜਿਸ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਚੁੱਕਾ ਹੈ। ਨੰਗਲਭੂਰ ਰਸਤੇ ਨੂੰ ਬੰਦ ਕਰਕੇ ਪੁਲਿਸ ਟ੍ਰੈਫਿਕ ਪ੍ਰਸ਼ਾਸਨ ਵੱਲੋਂ ਮੀਰਥਲ ਅੱਡੇ ਤੋਂ ਆਵਾਜਾਈ ਲਈ ਭਾਰੀ ਅਤੇ ਚਾਰ ਪਹੀਆ ਵਾਹਨਾਂ ਲਈ ਰਸਤਾ ਬਦਲਿਆ ਗਿਆ ਹੈ। ਪਠਾਨਕੋਟ ਆਉਣ-ਜਾਣ ਲਈ ਮੀਰਥਲ ਤੋਂ ਦੀਨਾਨਗਰ ਬਾਈਪਾਸ, ਤਿਬੜੀ ਕੈਂਟ ਬਾਈਪਾਸ, ਪੁਰਾਣਾ ਸ਼ਾਲਾ, ਨੌਸ਼ਹਿਰਾ ਪੱਤਣ ਤੋਂ ਮੁਕੇਰੀਆਂ ਦਾ ਰਸਤਾ ਅਪਨਾਉਣ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਲਖਨਪੁਰ ਟੋਲ ਬੈਰੀਅਰ ਤੋਂ ਕਠੂਆ ਤੱਕ ਅਗਲੇ ਹੁਕਮਾਂ ਤਕ ਟ੍ਰੈਫਿਕ ਬੰਦ ਕਰ ਦਿੱਤਾ ਗਿਆ ਹੈ। ਜਲਾਲੀਆ ਨਦੀ ਪੂਰੇ ਉਫਾਨ ‘ਤੇ ਹੈ। ਪਠਾਨਕੋਟ ਦੇ ਕਰੀਬ 30 ਪਿੰਡਾਂ ਦਾ ਆਪਸ ਵਿੱਚ ਸੰਪਰਕ ਟੁੱਟ ਗਿਆ ਹੈ। ਚੱਕੀ ਦਰਿਆ ‘ਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਪ੍ਰਸ਼ਾਸ਼ਨ ਵੱਲੋਂ ਆਸ- ਪਾਸ ਵਸਦੇ ਘਰਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ।

ਰਣਜੀਤ ਸਾਗਰ ਡੈਮ ਝੀਲ ਦੇ ਸਾਰੇ ਗੇਟ ਖੋਲ੍ਹੇ

ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰਣਜੀਤ ਸਾਗਰ ਡੈਮ ਝੀਲ ਦਾ ਪਾਣੀ ਪੱਧਰ ਲਗਾਤਾਰ ਵਧ ਰਿਹਾ ਹੈ ਅਤੇ ਹੁਣ ਇਹ 527 ਮੀਟਰ ਦੇ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ ਹੈ। ਪਹਾੜਾਂ ਤੋਂ ਆ ਰਹੇ ਪਾਣੀ ਦੇ ਵੱਧਦੇ ਵਹਾਅ ਕਾਰਨ ਡੈਮ ਪ੍ਰਸ਼ਾਸਨ ਨੇ ਸਾਰੇ 7 ਸਪਿਲਵੇ ਗੇਟ ਖੋਲ੍ਹ ਦਿੱਤੇ ਹਨ ਜਿਸ ਰਾਹੀਂ 50 ਹਜ਼ਾਰ ਕਿਊਸਿਕ ਪਾਣੀ ਸਿੱਧਾ ਰਾਵੀ ਦਰਿਆ ‘ਚ ਛੱਡਿਆ ਜਾ ਰਿਹਾ ਹੈ। ਨਾਲ ਹੀ ਡੈਮ ਦੇ ਚਾਰੇ ਯੂਨਿਟ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਾਣੀ ਤੋਂ ਦੂਰ ਰਹਿਣ ਅਤੇ ਕੋਈ ਵੀ ਮੁਸ਼ਕਲ ਪੇਸ਼ ਹੋਣ ਤੇ ਪ੍ਰਸ਼ਾਸਨ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਚੱਕੀ ਦਰਿਆ ‘ਤੇ ਬਣੇ ਰੇਲਵੇ ਪੁਲ ‘ਤੇ ਵੀ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਪੁੱਲ ਦੇ ਨੇੜੇ ਤੋਂ ਲਗਾਤਰ ਮਿੱਟੀ ਪਾਣੀ ਵਿਚ ਵਹਿ ਰਹੀ ਹੈ।ਇੰਡਸਟੀਰੀਅਲ ਏਰੀਆ ਵੀ ਪਾਣੀ ਨਾਲ ਘਿਰ ਚੁੱਕਾ ਹੈ। ਕਈ ਇਲਾਕਿਆਂ ‘ਚ ਸਵੇਰ ਤੋਂ ਬਿਜਲੀ ਬੰਦ ਹੈ। ਪਠਾਨਕੋਟ ਅਜੇ ਵੀ ਲਗਾਤਾਰ ਮੀਂਹ ਪੈ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button