
ਜਸਵਿੰਦਰ ਸਿੰਘ ਸੰਧੂ
ਫ਼ਾਜ਼ਿਲਕਾ, 8 ਮਾਰਚ- ਫ਼ਾਜ਼ਿਲਕਾ ਪੁਲਿਸ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੂੰ ਮੁਖਬਰ ਪਾਸੋਂ ਇਤਲਾਹ ਮਿਲੀ ਸੀ ਕਿ ਬਾਹਮਣੀ ਵਾਲਾ ਰੋਡ ਜਲਾਲਾਬਾਦ ਵਿਖੇ ਸਥਿਤ ਚੰਨ ਮੈਡੀਕਲ ਹਾਲ ‘ਤੇ ਮੈਡੀਕਲ ਨਸ਼ਾ ਵੇਚਿਆ ਜਾਂਦਾ ਹੈ।ਜਦੋਂ ਜਲਾਲਾਬਾਦ ਪੁਲਿਸ ਵਲੋਂ ਟੀਮ ਬਣਾ ਕੇ ਉਕਤ ਸੂਚਨਾ ਦੇ ਅਧਾਰ ‘ਤੇ ਉਸ ਮੈਡੀਕਲ ਹਾਲ ‘ਤੇ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਕਰੀਬ 6 ਲੱਖ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ।ਨਸ਼ੀਲੀ ਗੋਲੀਆਂ ਦੀ ਇਸ ਖੇਪ ਦੇ ਨਾਲ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਪਹਿਚਾਣ ਚਰਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਝੁੱਗੇ ਜਵਾਹਰ ਸਿੰਘ ਵਾਲੇ ਜ਼ਿਲ੍ਹਾ ਫਾਜ਼ਿਲਕਾ, ਜਤਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਕੁੜਮਾ ਥਾਣਾ ਮਮਦੋਟ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ ਹੈ।



