ਮੱਧ ਪੂਰਬ ਸੰਕਟ ਦਾ ਅਸਰ: ਈਰਾਨ-ਇਰਾਕ ਵਿਵਾਦ ਕਾਰਨ ਅੰਮ੍ਰਿਤਸਰ ਤੋਂ ਖਾੜੀ ਦੇਸ਼ਾਂ ਦੀਆਂ ਫਲਾਈਟਾਂ ਰੱਦ, ਕਈ ਭਾਰਤੀ ਫਸੇ

ਅੰਮ੍ਰਿਤਸਰ, 1 ਮਾਰਚ : ਮੱਧ ਪੂਰਬ ਵਿੱਚ ਈਰਾਨ ਅਤੇ ਇਰਾਕ ਵਿਚਕਾਰ ਵਧ ਰਹੇ ਤਣਾਅ ਦਾ ਅਸਰ ਹੁਣ ਅੰਤਰਰਾਸ਼ਟਰੀ ਹਵਾਈ ਸੇਵਾਵਾਂ ‘ਤੇ ਵੀ ਦਿਖਾਈ ਦੇਣ ਲੱਗਾ ਹੈ। ਸੁਰੱਖਿਆ ਕਾਰਨਾਂ ਅਤੇ ਹਵਾਈ ਮਾਰਗਾਂ ਵਿੱਚ ਬਦਲਾਅ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਤੋਂ ਸੰਯੁਕਤ ਅਰਬ ਅਮੀਰਾਤ (UAE) ਅਤੇ ਕਤਰ ਜਾਣ-ਆਉਣ ਵਾਲੀਆਂ 7 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਅਚਾਨਕ ਹੋਈ ਕਾਰਵਾਈ ਕਾਰਨ ਮੁਸਾਫ਼ਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਵਾਈ ਅੱਡੇ ਦੇ ਸੂਤਰਾਂ ਅਨੁਸਾਰ, ਅੱਧੀ ਰਾਤ 1.15 ਵਜੇ ਦੁਬਈ ਤੋਂ ਆਉਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ ਨੰਬਰ IX192 ਰੱਦ ਰਹੀ। ਇਸ ਤੋਂ ਇਲਾਵਾ ਰਾਤ 2.40 ਵਜੇ ਦੋਹਾ ਤੋਂ ਆਉਣ ਵਾਲੀ ਕਤਰ ਏਅਰਵੇਜ਼ ਦੀ ਫਲਾਈਟ QR326 ਵੀ ਨਹੀਂ ਪਹੁੰਚੀ। ਸਵੇਰੇ 7.40 ਵਜੇ ਦੁਬਈ ਤੋਂ ਆਉਣ ਵਾਲੀ ਸਪਾਈਸ ਜੈੱਟ ਦੀ ਫਲਾਈਟ SG56 ਅਤੇ ਰਾਤ 9 ਵਜੇ ਸ਼ਾਰਜਾਹ ਤੋਂ ਆਉਣ ਵਾਲੀ ਇੰਡੀਗੋ ਦੀ ਫਲਾਈਟ 6E5119 ਵੀ ਰੱਦ ਕਰ ਦਿੱਤੀ ਗਈ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਰਵਾਨਾ ਹੋਣ ਵਾਲੀਆਂ ਉਡਾਣਾਂ ‘ਤੇ ਵੀ ਅਸਰ ਪਿਆ। ਸਵੇਰੇ 4.10 ਵਜੇ ਦੋਹਾ ਲਈ ਨਿਰਧਾਰਿਤ ਕਤਰ ਏਅਰਵੇਜ਼ ਦੀ ਫਲਾਈਟ QR549 ਰੱਦ ਕਰ ਦਿੱਤੀ ਗਈ। ਸਵੇਰੇ 5.40 ਵਜੇ ਸ਼ਾਰਜਾਹ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ IX137 ਅਤੇ ਦੁਪਹਿਰ 12 ਵਜੇ ਸ਼ਾਰਜਾਹ ਲਈ ਇੰਡੀਗੋ ਦੀ ਫਲਾਈਟ 6E1427 ਵੀ ਨਹੀਂ ਉੱਡ ਸਕੀ।


