
ਗੁਰਾਇਆ, 22 ਜੁਲਾਈ : ਪਿੰਡ ਅੱਟਾ ਦੇ ਗੇਟ ਕੋਲ ਸਰਵਿਸ ਲੇਨ ’ਤੇ ਮੱਕੀ ਨਾਲ ਭਰੀ ਹੋਈ ਟਰਾਲੀ ਤੇ ਟਰੈਕਟਰ ਪਲਟ ਗਿਆ, ਹਾਲਾਂਕਿ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਰਾਹਗੀਰ ਤੋਂ ਸਾਢੇ ਛੇ ਵਜੇ ਦੇ ਕਰੀਬ ਇਤਲਾਹ ਮਿਲੀ ਤਾਂ ਉਨ੍ਹਾਂ ਜਾ ਕੇ ਮੌਕਾ ਵੇਖਿਆ ਤਾਂ ਨਿੱਜੀ ਸਕੂਲ ਨਜ਼ਦੀਕ ਮੱਕੀ ਨਾਲ ਭਰੀ ਹੋਈ ਟਰਾਲੀ ਤੇ ਟਰੈਕਟਰ ਪਲਟਿਆ ਹੋਇਆ ਸੀ। ਜਦੋਂ ਉਨ੍ਹਾਂ ਨੇ ਡਰਾਈਵਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਟਰਾਲੀ ’ਚ ਕਰੀਬ 230 ਬੋਰੀਆਂ ਸਨ, ਜੋ ਕਿ ਪੱਤੜ ਕਲਾਂ ਤੋਂ ਲੈ ਕੇ ਤੁਰਿਆ ਸੀ ਅਤੇ ਲੁਧਿਆਣੇ ਮੰਡੀ ਨੂੰ ਜਾ ਰਿਹਾ ਸੀ। ਟਰੈਕਟਰ ਚਾਲਕ ਨੇ ਲੇਬਰ ਨੂੰ ਮੌਕੇ ’ਤੇ ਬੁਲਾ ਕੇ ਮੱਕੀ ਨੂੰ ਦੂਜੀ ਟਰਾਲੀ ’ਚ ਲੋਡ ਕੀਤਾ ਗਿਆ। ਐੱਸਐੱਸਐੱਫ ਨੇ ਕਰੇਨ ਦੀ ਮਦਦ ਨਾਲ ਟਰੈਕਟਰ ਟਰਾਲੀ ਨੂੰ ਸਿੱਧਾ ਕਰ ਕੇ ਕਿਨਾਰੇ ਕੀਤਾ ਤੇ ਆਵਾਜਾਈ ਬਹਾਲ ਕਰਵਾਈ।



