Punjab

ਮੋਹਣੋਵਾਲੀਆ ਤੇ ਜਿੰਦਲ ਦਾ ਨਸ਼ਾ ਤੇ ਹਵਾਲਾ ਰੈਕੇਟ ਬੇਨਕਾਬ, ਰਾਂਝਾ ਤੇ ਹੋਰ ਨਾਮਜ਼ਦ

ਹੁਸ਼ਿਆਰਪੁਰ,  24 ਮਈ- ਜ਼ਿਲ੍ਹੇ ਦੀ ਪੁਲਿਸ ਨੇ ਨਸ਼ੇ ਤੇ ਹਵਾਲੇ ਦੀ ਰਾਸ਼ੀ ਸਬੰਧੀ ਬਣੇ ਨੈੱਟਵਰਕ ਨੂੰ ਬੇਨਕਾਬ ਕਰਨ ਦਾ ਦਾਅਵਾ ਕਰਦੇ ਹੋਏ ਦੋ ਵਿਅਕਤੀਆਂ ਨੂੰ ਨਕਦੀ, ਹੈਰੋਇਨ ਤੇ ਪਿਸਤੌਲ ਸਮੇਤ ਕਾਬੂ ਕੀਤਾ ਹੈ। ਇੱਥੇ ਸਿਵਲ ਲਾਈਨਜ਼ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸਐੱਸਪੀ ਸੰਦੀਪ ਮਲਿਕ ਨੇ ਦੱਸਿਆ ਕਿ 28 ਮਾਰਚ ਨੂੰ ਸੀਆਈਏ ਸਟਾਫ਼ ਨੇ ਅਰਜਨ ਸ਼ਰਮਾ ਪੁੱਤਰ ਖ਼ੁਸ਼ਵਿੰਦਰ ਪਾਲ ਵਾਸੀ ਹਰੀ ਨਗਰ ਨੂੰ 270 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਸੀ ਜਿਸ ਨੇ ਪੁੱਛਗਿੱਛ ਦੌਰਾਨ ਅਹਿਮ ਖ਼ੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸੌਰਵ ਜਿੰਦਲ ਉਰਫ਼ ਸੌਬੀ ਪੁੱਤਰ ਜਸਵੀਰ ਸਿੰਘ ਕਾਕਾ ਗੁੱਜਰ ਵਾਸੀ ਕੀਰਤੀ ਨਗਰ ਹੁਣ ਅਮਰੀਕਾ ਰਹਿੰਦਾ ਹੈ ਤੇ ਇਸ ਦੇ ਨਾਲ ਮਿਲ ਕੇ ਅਰਜਨ ਸ਼ਰਮਾ ਨਸ਼ਿਆਂ ਦਾ ਧੰਦਾ ਕਰਦਾ ਸੀ। ਇਸੇ ਲੜੀ ਵਿਚ ਉਨ੍ਹਾਂ ਆਕਾਸ਼ਦੀਪ ਨੂੰ ਕਾਬੂ ਕੀਤਾ ਤਾਂ ਸੌਬੀ ਜਿੰਦਲ ਨੇ ਸੰਪਰਕ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕੈਨੇਡਾ ਤੋਂ ਵਾਪਸ ਆਇਆ ਇਨ੍ਹਾਂ ਦਾ ਸਾਥੀ ਆ਼ਸੂਤੋਸ਼ ਸ਼ਰਮਾ ਪੁੱਤਰ ਅਸ਼ਵਨੀ ਸ਼ਰਮਾ ਵਾਸੀ ਬਾਹਦਰਪੁਰ ਰਾਹੀਂ ਸੰਪਰਕ ਇਨ੍ਹਾਂ ਦਾ ਸੰਪਰਕ ਜਾਰੀ ਸੀ। ਸੌਬੀ ਜਿੰਦਲ ਦੇ ਕਹਿਣ ’ਤੇ ਉਹ ਰਵਿੰਦਰ ਆਦੀਆ ਪੁੱਤਰ ਪਵਨ ਆਦੀਆ ਵਾਸੀ ਖ਼ਾਨਪੁਰੀ ਗੇਟ ਅਤੇ ਭਵਾਨੀ ਸਿੰਘ ਪੁੱਤਰ ਜਤਿੰਦਰ ਸਿੰਘ ਨੂੰ ਡਲੀਵਰੀ ਦੇਣ ਲੱਗ ਪਏ ਸਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਆਕਾਸ਼ਦੀਪ ਨੇ ਕਬੂਲਿਆ ਹੈ ਕਿ ਸੌਬੀ ਜਿੰਦਲ ਦੇ ਕਹਿਣ ’ਤੇ ਉਹ ਨਸ਼ੇ ਦੀ ਸਪਲਾਈ ਗੁਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਖਟਕੜ ਖ਼ੁਰਦ ਨਵਾਂਸ਼ਹਿਰ ਤੋਂ ਲੈਣ ਲੱਗ ਪਏ। ਇਸੇ ਕੇਸ ਵਿਚ ਕਾਬੂ ਕੀਤੇ ਇਨ੍ਹਾਂ ਦੇ ਸਾਥੀ ਗੁਰਿੰਦਰ ਸਿੰਘ ਨੇ ਨਸ਼ੇ ਦੀ ਸਪਲਾਈ ਜਸਪ੍ਰੀਤ ਸਿੰਘ ਜੱਸਾ ਮੋਹਣੋਵਾਲ ਤੋਂ ਲੈਣੀ ਕਬੂਲੀ ਸੀ ਤੇ ਸਪਲਾਈ ਦੀ ਅਦਾਇਗੀ ਵੱਖ-ਵੱਖ ਅਨਸਰਾਂ ਨੂੰ ਕੀਤੀ। ਉਨ੍ਹਾਂ ਦੱਸਿਆ ਕਿ ਲੰਘੀ 7 ਮਈ ਜਦੋਂ ਸੀਆਈਏ ਸਟਾਫ਼ ਨੇ ਸਾਹਿਲਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਕਲਾ ਬਰੂਨ ਨੂੰ 149 ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ ਤਾਂ ਸਾਹਿਲ ਦੇ ਸੰਪਰਕ ਵੀ ਸੌਰਵ ਜਿੰਦਲ ਨਾਲ ਜੁੜੇ ਨਿਕਲੇ। ਉਨ੍ਹਾਂ ਦੱਸਿਆ ਕਿ ਸਾਹਿਲ ਨਾਲ ਇਕ ਕੜੀ ਉਸ ਵੇਲੇ ਹੋਰ ਜੁੜ ਗਈ ਜਦੋਂ ਸੀਆਈਏ ਸਟਾਫ ਨੇ 14 ਮਈ ਨੂੰ ਹੇਮੰਤ ਪੁੱਤਰ ਅਜੇ ਵਾਸੀ ਅਬਾਦਪੁਰਾ ਜਲੰਧਰ ਨੂੰ ਦੇਸੀ ਪਿਸਤੌਲ ਤੇ ਰੌਂਦ ਸਣੇ ਕਾਬੂ ਕੀਤਾ। ਹੇਮੰਤ ਨੇ ਵੀ ਜਿੰਦਲ ਦਾ ਹੀ ਨਸ਼ਾ ਸਪਲਾਈ ਕਰਨ ਦੀ ਗੱਲ ਕਬੂਲੀ। ਉਨ੍ਹਾਂ ਦੱਸਿਆ ਕਿ ਜਿੰਦਲ ਦੇ ਕਹਿਣ ’ਤੇ ਹੈਰੋਇਨ ਦੀ ਅਦਾਇਗੀ ਜੋਤੀਪ੍ਰੀਤ ਕਲੇਰ ਪੁੱਤਰ ਦਵਿੰਦਰ ਕਲੇਰ ਵਾਸੀ ਉੜਾਪੁੜ ਨਵਾਂਸ਼ਹਿਰ ਨੂੰ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਹੇਮੰਤ, ਨੀਰਜ ਕੁਮਾਰ ‘ਰਾਂਝਾ’ ਅਤੇ ਜੋਤੀਪ੍ਰੀਤ ਨੂੰ ਨਾਮਜ਼ਦ ਕੀਤਾ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਕੋਲੋਂ 510, 000 ਰੁਪਏ ਦੀ ਨਕਦੀ, ਦੇਸੀ ਪਿਸਤੌਲ, ਮੈਗਜ਼ੀਨ ਬਰਾਮਦ ਹੋਏ ਹਨ। ਇਸੇ ਮਾਮਲੇ ਵਿਚ ਅਮਰੀਕਾ ਰਹਿੰਦੇ ਆਕਾਸ਼ ਰੌਕੀ ਚੌਹਾਨ ਪੁੱਤਰ ਸੁਰਿੰਦਰ ਕੁਮਾਰ ਵਾਸੀ ਵਿਨਾਸ਼ਪੁਰੀ ਥਾਣਾ ਔੜ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਇਹ ਗਿਰੋਹ ਜੱਸਾ ਮੋਹਣੋਵਾਲੀਆ ਅਤੇ ਸੌਬੀ ਜਿੰਦਲ ਗੈਂਗ ਚਲਾ ਰਿਹਾ ਸੀ। ਇਸ ਮੌਕੇ ਐੱਸਪੀ ਡਾ. ਮੁਕੇਸ਼ ਕੁਮਾਰ ਨਾਲ ਡੀਐੱਸਪੀ ਸੁਖਨਿੰਦਰ ਸਿੰਘ, ਸੀਆਈਏ ਇੰਚਾਰਜ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button