Punjab

ਮੋਰਿੰਡਾ ਨਗਰ ਕੌਂਸਲ ਦੇ ਜੂਨੀਅਰ ਇੰਜੀਨੀਅਰ ਤੇ ਸੈਨੇਟਰੀ ਇੰਸਪੈਕਟਰ ਨੂੰ ਕੀਤਾ ਗਿਆ ਮੁਅੱਤਲ

ਡਿਊਟੀ ਦੌਰਾਨ ਵਰਤਦੇ ਸੀ ਲਾਪਰਵਾਹੀ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 31 ਜੁਲਾਈ : ਨਾਗਰਿਕਾਂ ਤੋਂ ਮਿਲੀਆਂ ਸ਼ਿਕਾਇਤਾਂ ਅਤੇ ਮੋਰਿੰਡਾ ਨਗਰ ਕੌਂਸਲ ਦੇ ਜੂਨੀਅਰ ਇੰਜੀਨੀਅਰ ਨਰੇਸ਼ ਕੁਮਾਰ ਅਤੇ ਸੈਨੇਟਰੀ ਇੰਸਪੈਕਟਰ ਵਰਿੰਦਰ ਸਿੰਘ ਦੀ ਡਿਊਟੀ ਵਿੱਚ ਲਾਪਰਵਾਹੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਦੋਵਾਂ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਮੰਤਰੀ ਨੇ ਵਿਧਾਇਕ ਡਾ. ਚਰਨਜੀਤ ਸਿੰਘ ਦੀ ਮੌਜੂਦਗੀ ਵਿੱਚ ਵਾਰਡ ਨੰਬਰ 5 ਅਤੇ 6, ਚੁੰਨੀ ਰੋਡ ਨੇੜੇ ਰੈਸਟ ਹਾਊਸ, ਵਾਰਡ ਨੰਬਰ 13, 14, 15, ਪੁਰਾਣਾ ਬੱਸੀ ਰੋਡ ਅਤੇ ਸ਼ਿਵ ਨੰਦਾ ਸਕੂਲ ਰੋਡ ਦਾ ਅਚਾਨਕ ਦੌਰਾ ਕੀਤਾ। ਦੌਰੇ ਦੌਰਾਨ ਦੇਖਿਆ ਗਿਆ ਕਿ ਹਰ ਵਾਰਡ ਵਿੱਚ ਘਰ ਦਾ ਕੂੜਾ-ਕਰਕਟ ਵੱਡੀ ਮਾਤਰਾ ਵਿੱਚ ਇੱਧਰ-ਉੱਧਰ ਖਿੱਲਰਿਆ ਹੋਇਆ ਹੈ ਅਤੇ ਕੂੜਾ ਇਕੱਠਾ ਕਰਨ ਦਾ ਸਿਸਟਮ ਪੂਰੀ ਤਰ੍ਹਾਂ ਅਸਫਲ ਹੈ। ਨਗਰ ਕੌਂਸਲ ਦੀ ਢਿੱਲੀ ਕਾਰਗੁਜ਼ਾਰੀ ਅਤੇ ਸਫਾਈ ਪ੍ਰਣਾਲੀ ਵਿੱਚ ਲਾਪਰਵਾਹੀ ਨੂੰ ਧਿਆਨ ਵਿੱਚ ਰੱਖਦੇ ਹੋਏ, ਸਥਾਨਕ ਸਰਕਾਰਾਂ ਮੰਤਰੀ ਨੇ ਮੋਰਿੰਡਾ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਪਰਵਿੰਦਰ ਸਿੰਘ ਭੱਟੀ ਦਾ ਤੁਰੰਤ ਤਬਾਦਲਾ ਕਰਨ ਅਤੇ ਉਨ੍ਹਾਂ ਨੂੰ ਕਿਸੇ ਹੋਰ ਜਗ੍ਹਾ ਤਾਇਨਾਤ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਵਾਰਡ ਨੰਬਰ 5 ਅਤੇ 6 ਦੇ ਵਸਨੀਕਾਂ ਨੇ ਇਲਾਕੇ ਵਿੱਚ ਲੰਬੇ ਸਮੇਂ ਤੋਂ ਬੰਦ ਸੀਵਰੇਜ ਪਾਣੀ ਦੀ ਨਿਕਾਸੀ ਪ੍ਰਣਾਲੀ ਬਾਰੇ ਸ਼ਿਕਾਇਤ ਕੀਤੀ, ਜਿਸ ਕਾਰਨ ਸੜਕਾਂ ਅਤੇ ਘਰਾਂ ਨੂੰ ਲਗਾਤਾਰ ਨੁਕਸਾਨ ਪਹੁੰਚ ਰਿਹਾ ਸੀ। ਕੈਬਨਿਟ ਮੰਤਰੀ ਨੇ ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਰਾਜੀਵ ਕਪੂਰ ਨੂੰ ਇੱਕ ਮਹੀਨੇ ਦੇ ਅੰਦਰ ਸਾਰੀਆਂ ਬੰਦ ਪਾਈਪ ਲਾਈਨਾਂ ਨੂੰ ਸਾਫ਼ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਉਹ ਇੱਕ ਮਹੀਨੇ ਬਾਅਦ ਕੰਮਕਾਜ ਦਾ ਜਾਇਜ਼ਾ ਲੈਣ ਲਈ ਦੁਬਾਰਾ ਇਲਾਕੇ ਦਾ ਦੌਰਾ ਕਰਨਗੇ। ਇਸ ਮੌਕੇ ਏਡੀਸੀ (ਸ਼ਹਿਰੀ) ਪੂਜਾ ਸਿਆਲ ਗਰੇਵਾਲ, ਐਸਡੀਐਮ ਮੋਰਿੰਡਾ ਸੁਖਪਾਲ ਸਿੰਘ, ਮੋਰਿੰਡਾ ਆਪ ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਟੋਨੀ, ਜਗਤਾਰ ਸਿੰਘ, ਨਿਰਮਲਪ੍ਰੀਤ ਮਹੀਰਵਾਨ, ਵਿਵੇਕ ਸ਼ਰਮਾ, ਮਨਜੀਤ ਕੌਰ ਅਤੇ ਜਗਦੇਵ ਸਿੰਘ ਬਿੱਟੂ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button