
ਲੁਧਿਆਣਾ, 15 ਅਕਤੂਬਰ : ਲੁਧਿਆਣਾ ਦੇ ਚੰਡੀਗੜ੍ਹ ਰੋਡ ਤੋਂ ਮੋਟਰਸਾਈਕਲ ਸਵਾਰ ਬਦਮਾਸ਼ ਨੇ ਮਹਿਲਾ ਸਾਥੀ ਨਾਲ ਮਿਲ ਕੇ ਛੇ ਮਹੀਨਿਆਂ ਦੀ ਬੱਚੀ ਨੂੰ ਅਗਵਾ ਕਰ ਲਿਆ। ਮੁਲਜ਼ਮਾਂ ਨੇ ਕਿਡਨੈਪਿੰਗ ਦੀ ਵਾਰਦਾਤ ਨੂੰ ਅੰਜਾਮ ਉਸ ਵੇਲੇ ਦਿੱਤਾ ਜਦੋਂ ਬੱਚੀ ਆਪਣੇ ਮਾਪਿਆਂ ਨਾਲ ਸੁੱਤੀ ਪਈ ਸੀ। ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਤੇ ਮਹਿਲਾ ਸਾਥੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਬਨਵਾਰੀ ਲਾਲ ਨੇ ਦੱਸਿਆ ਕਿ ਬੀਤੀ ਦੇਰ ਰਾਤ ਛੇ ਮਹੀਨਿਆਂ ਦੀ ਬੇਟੀ ਨਾਲ ਵਰਧਮਾਨ ਦੇ ਫੁੱਟਪਾਥ ਤੇ ਸੁੱਤਾ ਹੋਇਆ ਸੀ। ਇਸੇ ਦੌਰਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਇੱਕ ਵਿਅਕਤੀ ਆਇਆ, ਜਿਸਨੇ ਸੁੱਤੀ ਪਈ ਉਸ ਦੀ ਛੇ ਮਹੀਨਿਆਂ ਦੀ ਲੜਕੀ ਨੂੰ ਅਗਵਾ ਕਰ ਲਿਆ। ਬਨਵਾਰੀ ਲਾਲ ਨੇ ਰੌਲਾ ਪਾਇਆ ਪਰ ਮੁਲਜ਼ਮ ਮਹਿਲਾ ਸਾਥੀ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਉਧਰੋਂ ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਅਣਪਛਾਤੇ ਕਿਡਨੈਪਰਾਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣ ਵਿੱਚ ਜੁਟ ਗਈ ਹੈ।



