
ਬਾਲ ਕਿਸ਼ਨ
ਫਿਰੋਜ਼ਪੁਰ, 5 ਅਗਸਤ : ਮੱਲਾਂਵਾਲਾ ਜ਼ੀਰਾ ਰੋਡ ’ਤੇ ਮੰਗਲਵਾਰ ਨੂੰ ਸਵੇਰੇ ਕਰੀਬ 5 ਵਜੇ ਤੇਜ਼ ਰਫ਼ਤਾਰ ਸਕਾਰਪੀਓ ਤੇ ਮੋਟਰਸਾਈਕਲ ਵਿਚਕਾਰ ਟੱਕਰ ਦੌਰਾਨ ਇਕ 19 ਸਾਲਾ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦੀ ਮਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ (19) ਪੁੱਤਰ ਬਲਜੀਤ ਸਿੰਘ ਵਾਸੀ ਸੋਥਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਵਰਿੰਦਰ ਸਿੰਘ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਨਾਨਾ-ਨਾਨੀ ਕੋਲ ਮੱਲਾਂਵਾਲਾ ਵਿਚ ਰਹਿ ਰਿਹਾ ਸੀ। ਉਹ ਆਪਣੀ ਮਾਤਾ ਪਰਵਿੰਦਰ ਕੌਰ ਨਾਲ ਸਵੇਰੇ ਕਿਸੇ ਰਿਸ਼ਤੇਦਾਰੀ ਵਿਚ ਹੋਈ ਮਰਗ ’ਚ ਜ਼ੀਰਾ ਵੱਲ ਜਾ ਰਹੇ ਸਨ। ਉਹ ਜਦੋਂ ਮੱਲਾਂਵਾਲਾ ਤੋਂ ਕਰੀਬ ਦੋ ਕਿਲੋਮੀਟਰ ਬਾਹਰ ਪੈਂਦੀਆਂ ਨਹਿਰਾਂ ਦੇ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਵਰਿੰਦਰ ਸਿੰਘ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਉਸਦੀ ਮਾਂ ਪਰਵਿੰਦਰ ਕੌਰ ਇਸ ਹਾਦਸੇ ਵਿਚ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਹਾਦਸੇ ਤੋਂ ਬਾਅਦ ਸਕਾਰਪੀਓ ਗੱਡੀ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।



