Punjab

ਮੋਗਾ ਸਿਵਲ ਹਸਪਤਾਲ ‘ਚ ਮੋਮਬੱਤੀਆਂ ਦੀ ਰੌਸ਼ਨੀ ‘ਚ ਹੋਈਆਂ ਡਲਿਵਰੀਆਂ, ਮਰੀਜ਼ ਵੀ ਹੋਏ ਪਰੇਸ਼ਾਨ

ਮੋਗਾ, 25 ਜੁਲਾਈ : ਸਥਾਨਕ ਸਿਵਲ ਹਸਪਤਾਲ ’ਚ ਬਿਜਲੀ ਵਿਭਾਗ ਤੇ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਉਸ ਸਮੇਂ ਸਾਹਮਣੇ ਆਈ ਜਦੋਂ ਹਸਪਤਾਲ ’ਚ ਲੱਗਿਆ ਟ੍ਰਾਂਸਫਾਰਮਰ ਸੜ ਗਿਆ। ਇਸ ਕਾਰਨ ਬੁੱਧਵਾਰ ਦਿਨ ਤੇ ਪੂਰੀ ਰਾਤ ਹਸਪਤਾਲ ’ਚ ਦਾਖ਼ਲ ਮਰੀਜ਼ਾਂ ਨੇ ਹਨੇਰੇ ’ਚ ਰਾਤ ਕਟਾਈ। ਇਸ ਮੌਕੇ ਮਰੀਜ਼ਾਂ ਨੇ ਹਸਪਤਾਲ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟਾਉਂਦਿਆਂ ਦੱਸਿਆ ਕਿ ਹਸਪਤਾਲ ’ਚ ਕੋਈ ਸੁਚੱਜਾ ਪ੍ਰਬੰਧ ਨਹੀਂ ਹੈ। ਮਰੀਜ਼ਾਂ ਨੇ ਦੱਸਿਆ ਕਿ ਬਿਜਲੀ ਗਈ ਤਾਂ ਹਸਪਤਾਲ ਪ੍ਰਸ਼ਾਸਨ ਨੇ ਨਾ ਤਾਂ ਜਨਰੇਟਰ ਚਾਲੂ ਕੀਤਾ ਤੇ ਨਾ ਹੀ ਕੋਈ ਬਦਲਵਾਂ ਪ੍ਰਬੰਧ ਕੀਤਾ। ਗਰਭਵਤੀਆਂ ਦੀਆਂ ਡਲਿਵਰੀਆਂ ਮੋਮਬੱਤੀਆਂ ਦੀ ਰੌਸ਼ਨੀ ’ਚ ਕਰਵਾਈਆਂ ਗਈਆਂ। ਕੁਝ ਮਰੀਜ਼ਾਂ ਨੇ ਤਾਂ ਆਪਣੇ ਘਰਾਂ ਤੋਂ ਮੋਮਬੱਤੀਆਂ ਤੇ ਟਾਰਚਾਂ ਭਿਜਵਾ ਕੇ ਡਲਿਵਰੀ ਕਰਵਾਈ, ਇਸ ਕਾਰਨ ਉਨ੍ਹਾਂ ਨੂੰ ਪੂਰੀ ਰਾਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਪਿੰਡ ਸੰਧੂਆਣਾ ਤੋਂ ਬਿੰਦਰ ਕੌਰ, ਜੋ ਕਿ ਆਪਣੀ ਗਰਭਵਤੀ ਨੂੰਹ ਨੂੰ ਇਲਾਜ ਲਈ ਲੈ ਕੇ ਆਈ ਸੀ, ਨੇ ਦੱਸਿਆ ਕਿ ਨਾ ਬੈੱਡ ਮਿਲਿਆ ਤੇ ਨਾ ਹੀ ਬਿਜਲੀ। ਜਦ ਮੋਮਬੱਤੀ ਲੈ ਕੇ ਡਲਿਵਰੀ ਹੋਈ ਤਾਂ ਅੱਖਾਂ ’ਚ ਪਾਣੀ ਆ ਗਿਆ। ਇਹ ਹੈ ਸਰਕਾਰੀ ਹਸਪਤਾਲਾਂ ਦੀ ਹਕੀਕਤ। ਇਸ ਮੌਕੇ ਅਰਸ਼ਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਲੈ ਕੇ ਆਇਆ ਸੀ, ਨਾ ਪੀਣ ਵਾਲਾ ਪਾਣੀ ਸੀ, ਨਾ ਸਾਫ਼ ਬਾਥਰੂਮ। ਹਸਪਤਾਲ ਅੰਦਰ ਰੋਸ਼ਨੀ ਦੀ ਥਾਂ ਹਨੇਰਾ ਛਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਦੀ ਡਲਿਵਰੀ ਕਰਵਾਉਣ ਲਈ ਸਟਾਫ ਨੇ ਉਨ੍ਹਾਂ ਦੀ ਮਾਂ ਕੋਲੋਂ ਮੋਮਬੱਤੀਆਂ ਮੰਗਵਾਈਆਂ। ਉਨ੍ਹਾਂ ਪੰਜਾਬ ਸਰਕਾਰ ਵਿਰੁੱਧ ਗੁੱਸਾ ਜਤਾਉਂਦਿਆਂ ਕਿਹਾ ਕਿ ਸਰਕਾਰ ਚਾਹੇ ਜਿੰਨੇ ਵੀ ਵੱਡੇ ਦਾਅਵੇ ਕਰੇ, ਪਰ ਹਕੀਕਤ ਵਿਚ ਹਾਲੇ ਵੀ ਹਸਪਤਾਲਾਂ ਵਿਚ ਬਿਹਤਰ ਸਿਹਤ ਸੇਵਾਵਾਂ ਨਹੀਂ ਹਨ। ਲੋਕਾਂ ਨੂੰ ਇਨ੍ਹਾਂ ਹਸਪਤਾਲਾਂ ’ਚ ਆ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਟਰਾਂਸਫਾਰਮਰ ’ਚ ਖ਼ਰਾਬੀ ਕਾਰਨ ਰੁਕੀ ਬਿਜਲੀ ਸਪਲਾਈ : ਐੱਸਐੱਮਓ ਇਸ ਮਾਮਲੇ ’ਚ ਐੱਸਐੱਮਓ ਡਾ. ਗਗਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਿਵਲ ਹਸਪਤਾਲ ’ਚ ਲੱਗਾ ਟ੍ਰਾਂਸਫਾਰਮਰ ਖ਼ਰਾਬ ਹੋ ਗਿਆ ਸੀ, ਜਿਸ ਕਰ ਕੇ ਬਿਜਲੀ ਦੀ ਸਪਲਾਈ ਰੁਕ ਗਈ। ਉਨ੍ਹਾਂ ਜਨਰੇਟਰ ਮੰਗਵਾ ਕੇ ਸਪਲਾਈ ਮੁੜ ਚਾਲੂ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਪਾਵਰਕਾਮ ਵਿਭਾਗ ਨੂੰ ਟ੍ਰਾਂਸਫਾਰਮਰ ਦੀ ਖ਼ਰਾਬੀ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਜਲਦੀ ਇਸ ਨੂੰ ਠੀਕ ਕਰਵਾ ਲਿਆ ਜਾਵੇਗਾ। ਉਧਰ, ਐੱਸਐੱਮਓ ਗਗਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੱਲ੍ਹ ਰਾਤ ਇੱਕ ਸੀਜੇਰੀਅਨ ਤੇ ਦੋ ਜਣੇਪੇ ਹੋਏ ਸਨ। ਹਾਲਾਂਕਿ, ਜਨਰੇਟਰ ਕੱਲ੍ਹ ਹੀ ਚਾਲੂ ਕਰ ਦਿੱਤਾ ਗਿਆ ਸੀ। ਜੇਕਰ ਇਸ ਸਮੇਂ ਦੌਰਾਨ ਬਿਜਲੀ ਸਪਲਾਈ ’ਚ ਕੋਈ ਸਮੱਸਿਆ ਆਈ ਸੀ, ਤਾਂ ਹੋ ਸਕਦਾ ਹੈ ਕਿ ਮੋਮਬੱਤੀਆਂ ਮੰਗਵਾਈਆਂ ਗਈਆਂ ਹੋਣ। ਕਾਂਗਰਸ ਨੇ ਵੀ ਕੀਤਾ ਪ੍ਰਸ਼ਾਸਨ ’ਤੇ ਹਮਲਾ ਇਸ ਘਟਨਾ ਤੋਂ ਬਾਅਦ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਪੰਜਾਬ ਸਰਕਾਰ ਤੇ ਹਸਪਤਾਲ ਪ੍ਰਸ਼ਾਸਨ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਿੱਥੇ ਚੰਗੀ ਸਿਹਤ ਸੇਵਾਵਾਂ ਦੇ ਦਾਅਵੇ ਕਰ ਰਹੀ ਹੈ, ਉੱਥੇ ਮੋਮਬੱਤੀਆਂ ਦੀ ਰੌਸ਼ਨੀ ’ਚ ਹੋ ਰਹੀਆਂ ਡਲਿਵਰੀਆਂ ਇਸ ਦਾਅਵੇ ਨੂੰ ਝੁਠਲਾ ਰਹੀਆਂ ਹਨ। ਇਹ ਮਾਮਲਾ ਕੇਵਲ ਲਾਪਰਵਾਹੀ ਦਾ ਨਹੀਂ, ਬਲਕਿ ਆਮ ਲੋਕਾਂ ਦੀ ਜਾਨ ਨਾਲ ਖਿਲਵਾੜ ਦਾ ਹੈ।

Related Articles

Leave a Reply

Your email address will not be published. Required fields are marked *

Back to top button