Punjab

ਮੋਗਾ ਨੇੜੇ ਸਤਲੁਜ ’ਚ ਵਧਿਆ ਪਾਣੀ ਦਾ ਪੱਧਰ

ਫਤਿਹਗੜ੍ਹ ਪੰਜਤੂਰ, 22 ਅਗਸਤ : ਹਿਮਾਚਲ ਪ੍ਰਦੇਸ਼ ਵਿਚ ਹੋ ਰਹੀਆਂ ਲਗਾਤਾਰ ਬਰਸਾਤਾਂ ਦੇ ਚਲਦੇ ਜਿੱਥੇ ਵੱਖ-ਵੱਖ ਡੈਮਾਂ ਵਿਚ ਖ਼ਤਰੇ ਦੇ ਨਿਸ਼ਾਨ ਤੇ ਪਹੁੰਚੇ ਪਾਣੀ ਦੇ ਪੱਧਰ ਨਾਲ ਪਾਣੀ ਬਿਆਸ ਦਰਿਆ ਵਿਚ ਛੱਡਿਆ ਜਾ ਰਿਹਾ ਸੀ ਜਿਸ ਨੇ ਹੁਣ ਤੱਕ ਦੁਆਬੇ ਅਤੇ ਮਾਝੇ ਏਰੀਏ ਦੇ ਵਿਚ ਹੜਾਂ ਵਰਗੀ ਸਥਿਤੀ ਬਣਾਈ ਹੋਈ ਹੈ ਤੋਂ ਬਾਅਦ ਹੁਣ ਦਰਿਆ ਸਤਲੁਜ ਵਿਚ ਅਚਾਨਕ ਵਧੇ ਪਾਣੀ ਦੇ ਪੱਧਰ ਨੇ ਜਿਲ੍ਹਾ ਮੋਗਾ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਸਹਿਮ ਦੇ ਮਹੌਲ ਵਿਚ ਹਨ। ਜ਼ਿਕਰਯੋਗ ਹੈ ਕਿ ਦੋ ਵਰ੍ਹੇ ਪਹਿਲਾਂ 2023 ਵਿਚ ਆਏ ਪਾਣੀ ਦੀ ਮਾਰ ਤੋਂ ਹੋਏ ਨੁਕਸਾਨ ਤੋਂ ਲੋਕ ਅਜੇ ਉਭਰੇ ਨਹੀਂ ਸਨ ਕਿ ਇਸ ਵਾਰ ਫਿਰ ਸਤਲੁਜ ਦਰਿਆ ਦੇ ਵੱਧਦੇ ਪਾਣੀ ਦੇ ਪੱਧਰ ਨੇ ਲੋਕਾਂ ਦੇ ਸਾਹ ਸੁੱਕਾ ਕੇ ਰੱਖ ਦਿੱਤੇ ਹਨ। ਇਸ ਦੇ ਨਾਲ ਹੀ ਪਾਣੀ ਨੇ ਮੋਗੇ ਜ਼ਿਲ੍ਹੇ ਵਿਚ ਆਉਂਦੀ ਕਰੀਬ 25 ਹਜਾਰ ਏਕੜ ਵਾਹੀਯੋਗ ਜਮੀਨ ਤੇ ਖੜੀ ਫਸਲ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਮੌਕੇ ਤੇ ਪਹੁੰਚੀ ਪੰਜਾਬੀ ਜਾਗਰਣ ਟੀਮ ਨੇ ਪਿੰਡ ਦੇ ਵਸਨੀਕਾਂ ਤੋਂ ਇਸ ਬਣੀ ਸਥਿਤੀ ਦੇ ਹਾਲਾਤਾਂ ਬਾਰੇ ਜਾਣਨਾ ਚਾਹਿਆ ਤਾਂ ਪਹਿਲਾਂ ਹੀ ਬਹੁਤ ਵਾਰ ਪਾਣੀ ਦੀ ਮਾਰ ਝੱਲ ਕੇ ਹੋਏ ਜਾਨੀ-ਮਾਲੀ ਨੁਕਸਾਨ ਤੋਂ ਦੇ ਸਦਮੇ ਤੋਂ ਨਾਂ ਉਭਰੇ ਸਹਿਮ ਭਰੀ ਜਿੰਦਗੀ ਗੁਜਾਰਨ ਨੂੰ ਮਜਬੂਰ ਲੋਕਾਂ ਨੇ ਦੱਸਿਆ ਕਿ ਇਸ ਪਿੰਡ ਦਾ ਰਕਬਾ ਧੁੱਸੀ ਬੰਨ ਦੇ ਅੰਦਰ ਹੋਣ ਕਰਕੇ ਉਨ੍ਹਾਂ ਨੂੰ ਤਕਰੀਬਨ ਹਰ ਵਾਰ ਪਾਣੀ ਦੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਲਿਆਂ ਦੱਸਿਆ ਕਿ ਵੀਰਵਾਰ ਸਵੇਰ ਕਰੀਬ 10 ਵਜੇ ਤੋਂ ਲਗਾਤਾਰ ਪਾਣੀ ਦਾ ਪੱਧਰ ਵੱਧਣਾ ਸ਼ੁਰੂ ਹੋਇਆ ਜਿਸ ਕਰਕੇ ਕੁੱਝ ਲੋਕ ਆਪਣੇ ਪੱਧਰ ਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮਦਦ ਨਾਲ ਘਰਾਂ ਵਿਚੋਂ ਕੀਮਤੀ ਸਮਾਨ ਕੱਢਣ ਲਈ ਮਜਬੂਰ ਹੋ ਗਏ ਹਨ, ਉੱਥੇ ਸਾਧਨਾਂ ਦੀ ਕਮੀ ਅਤੇ ਪ੍ਰਸ਼ਾਸਨਿਕ ਸੇਵਾਵਾਂ ਦੀ ਘਾਟ ਕਾਰਨ ਸਮਾਨ ਪਿੰਡੋਂ ਬਾਹਰ ਸੁਰੱਖਿਅਤ ਥਾਵਾਂ ਤੇ ਨਾਂ ਲਿਜਾ ਸਕਣ ਵਾਲੇ ਕੁਝ ਪਿੰਡ ਵਾਸੀਆਂ ਨੇ ਆਪਣਾ ਘਰੇਲੂ ਵਰਤੋਂ ਦਾ ਸਮਾਨ ਜਿਸ ਵਿਚ ਕਣਕ, ਕੱਪੜੇ ਵਾਲੀਆਂ ਪੇਟੀਆਂ, ਫਰਨੀਚਰ ਆਦਿ ਛੱਤਾਂ ਉੱਪਰ ਚੜਾ ਰੱਖਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਧੁੱਸੀ ਬੰਨ੍ਹ ਤੋਂ ਬਾਹਰ ਰਹਿੰਦੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਹੱੜ ਵਰਗੀ ਸਥਿਤੀ ਤੋਂ ਬਚਾਅ ਲਈ ਆਪਣੇ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਬੰਨ੍ਹ ਨੂੰ ਮਜਬੂਤ ਕਰਨ ਲਈ ਕਮਜ਼ੋਰ ਅਤੇ ਨੀਵੀਆਂ ਥਾਵਾਂ ਤੇ ਮਿੱਟੀ ਪਾਉਣ ਦਾ ਕੰਮ ਬੀਤੇ ਦਿਨੀ ਹੀ ਕੀਤਾ ਗਿਆ ਸੀ, ਪਿੰਡ ਸੰਘੇੜਾ ਦੇ ਸਰਪੰਚ ਗੁਰਮੇਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਇਸ ਸਥਿਤੀ ਤੇ ਨਜ਼ਰ ਰੱਖਣ ਲਈ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਧਰਮਕੋਟ ਇੱਥੇ ਪਹੁੰਚੇ ਸਨ ਜੋ ਕਿ ਹੜ੍ਹ ਪ੍ਰਭਾਵਿਤ ਲੋਕਾਂ ਲਈ ਸੁਰੱਖਿਅਤ ਜਗ੍ਹਾ ਤੇ ਰਾਹਤ ਕੈਂਪ ਲਗਾਉਣ ਲਈ ਮੁਆਈਨਾਂ ਕਰਨ ਲਈ ਨੇੜਲੇ ਪਿੰਡ ਰਾਊਵਾਲਾ ਦੇ ਸਕੂਲ ਗਏ ਹਨ, ਜਿਥੇ ਪ੍ਰਸ਼ਾਸ਼ਨ ਵੱਲੋਂ ਰਾਹਤ ਕੈਂਪ ਲਗਾਏ ਜਾਨ ਦੀ ਖ਼ਬਰ ਹੈ। ਖਬਰ ਲਿਖੇ ਜਾਣ ਤੱਕ ਦਰਿਆ ਵਿਚਲੇ ਪਾਣੀ ਦਾ ਪੱਧਰ ਦਾ ਵਧਣਾ ਲਗਾਤਾਰ ਜਾਰੀ ਸੀ ਅਤੇ ਜੇਕਰ ਪਿੱਛੋਂ ਡੈਮਾਂ ਤੋਂ ਪਾਣੀ ਹੋਰ ਛੱਡਣ ਦਾ ਸਿਲਸਿਲਾ ਇਵੇਂ ਹੀ ਜਾਰੀ ਰਹਿੰਦਾ ਹੈ ਤਾਂ ਇਹ ਸਥਿਤੀ ਹੋਰ ਵੀ ਭਿਆਨਕ ਰੂਪ ਅਖਤਿਆਰ ਕਰ ਸਕਦੀ ਹੈ, ਜਿਸ ਕਰਕੇ ਇਸ ਧੁੱਸੀ ਬੰਨ੍ਹ ਨਜ਼ਦੀਕ ਰਹਿੰਦੇ ਜਿਲ੍ਹਾ ਮੋਗਾ ਦੇ ਪਿੰਡਾਂ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button