
ਮੋਗਾ, 3 ਜੁਲਾਈ : ਮੋਗਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਦਿਲ ਦਹਿਲਾਉਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ, ਇੱਕ ਸਵਿਫਟ ਕਾਰ ਜੋ ਘੱਲਕਲਾਂ ਪਿੰਡ ਵੱਲੋਂ ਮੋਗਾ ਆ ਰਹੀ ਸੀ, ਜਦੋਂ ਉਹ ਜਥੇਦਾਰ ਤੋਤਾ ਸਿੰਘ ਦੀ ਕੋਠੀ ਦੇ ਨੇੜੇ ਸੜਕ ਕਿਨਾਰੇ ਖੜ੍ਹੀ ਇਕ ਇੱਟਾਂ ਨਾਲ ਭਰੀ ਟਰਾਲੀ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਸਿੱਧੀ ਟਰਾਲੀ ਹੇਠਾਂ ਧਸ ਗਈ ਅਤੇ ਪੂਰੀ ਤਰ੍ਹਾਂ ਚਕਨਾ-ਚੂਰ ਹੋ ਗਈ। ਇੰਜਣ ਤੋਂ ਲੈ ਕੇ ਪਿੱਛਲੇ ਹਿੱਸੇ ਤੱਕ ਗੱਡੀ ਬੁਰੀ ਤਰ੍ਹਾਂ ਪਿਸ ਗਈ। ਇਸ ਹਾਦਸੇ ਦੌਰਾਨ ਕਾਰ ਚਲਾ ਰਿਹਾ ਨੌਜਵਾਨ, ਜਿਸ ਦੀ ਉਮਰ ਲਗਪਗ 34 ਸਾਲ ਦੱਸੀ ਜਾ ਰਹੀ ਹੈ, ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਮੌਕੇ ਦੇਖਣ ਵਾਲਿਆਂ ਨੇ ਦੱਸਿਆ ਕਿ ਟੱਕਰ ਇੰਨੀ ਤੇਜ਼ ਸੀ ਕਿ ਆਵਾਜ਼ ਨਾਲ ਹੀ ਲੋਕ ਦੌੜ ਕੇ ਮੌਕੇ ‘ਤੇ ਪਹੁੰਚੇ, ਪਰ ਉਹ ਨੌਜਵਾਨ ਜਾਨ ਬਚਾਉਣ ਯੋਗ ਨਹੀਂ ਸੀ। ਮੌਕੇ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਸਮਾਜ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਦੀ ਸਹਾਇਤਾ ਨਾਲ ਲਗਪਗ 4 ਘੰਟਿਆਂ ਦੀ ਮਿਹਨਤ ਤੋਂ ਬਾਅਦ ਟਰਾਲੀ ਤੇ ਗੱਡੀ ਨੂੰ ਵੱਖ ਕੀਤਾ ਗਿਆ। ਸਮਾਜ ਸੇਵਾ ਸੁਸਾਇਟੀ ਦੀਆਂ ਦੋ ਐਂਬੂਲੈਂਸਾਂ ਅਤੇ ਮੌਜੂਦਾ ਲੋਕਾਂ ਦੇ ਸਹਿਯੋਗ ਨਾਲ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢ ਕੇ ਮੋਗਾ ਸਿਵਲ ਹਸਪਤਾਲ ਦੀ ਮੋਚਰੀ ਭੇਜ ਦਿੱਤਾ ਗਿਆ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਦੀ ਪਛਾਣ ਮਿੱਠੂ ਸਿੰਘ ਪੁੱਤਰ ਰੂਪ ਸਿੰਘ ਵਾਸੀ ਪਿੰਡ ਦਦਾਹੂਰ ਵਜੋਂ ਹੋਈ ਹੈ। ਮ੍ਰਿਤਕ ਦਾ ਹਾਲ ਹੀ ‘ਚ ਵਿਆਹ ਹੋਇਆ ਦੱਸਿਆ ਜਾ ਰਿਹਾ ਹੈ ਅਤੇ ਉਹ ਆਪਣੇ ਕੰਮ ਸਬੰਧੀ ਮੋਗਾ ਵੱਲ ਆ ਰਿਹਾ ਸੀ। ਪੁਲਿਸ ਨੇ ਗੱਡੀ ਦੇ ਨੰਬਰ ਰਾਹੀਂ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਸੂਚਿਤ ਕਰਕੇ ਮੌਕੇ ‘ਤੇ ਬੁਲਾਇਆ। ਅਗਲੀ ਕਾਰਵਾਈ, ਜਿਸ ਵਿੱਚ ਡਾਕਟਰੀ ਬੋਰਡ ਰਾਹੀਂ ਪੋਸਟਮਾਰਟਮ ਅਤੇ ਲਾਸ਼ ਸੌਂਪਣ ਦੀ ਪ੍ਰਕਿਰਿਆ ਸ਼ਾਮਿਲ ਹੈ, ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਕੀਤੀ ਜਾਵੇਗੀ।ਇਸ ਹਾਦਸੇ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ, ਜਦਕਿ ਪੁਲਿਸ ਵੱਲੋਂ ਟਰਾਲੀ ਮਾਲਕ ਅਤੇ ਸੜਕ ‘ਤੇ ਖੜ੍ਹੀ ਟਰਾਲੀ ਬਾਰੇ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗਾਇਆ ਜਾ ਸਕੇ।



