Punjab

‘ਮੁੱਖ ਮੰਤਰੀ ਮਾਨ ਦਾ ਡੋਪ ਟੈਸਟ ਕਰਵਾਓ, ਮੈਂ ਤਾਂ ਅੰਮ੍ਰਿਧਾਰੀ ਤੇ ਗੁਰਸਿੱਖ ਹਾਂ’ ਲੁਧਿਆਣਾ ‘ਚ ਚੋਣ ਪ੍ਰਚਾਰ ਦੌਰਾਨ ਬੋਲੇ ਸੁਖਬੀਰ ਬਾਦਲ

ਲੁਧਿਆਣਾ, 12 ਜੂਨ : ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਆਪ ਡੋਪ ਟੈਸਟ ਕਰਵਾਉਣ ਅਤੇ ਆਪਣੀਆਂ ਜਾਇਦਾਦਾਂ ਦਾ ਖੁਲਾਸਾ ਕਰਨ ਦੀ ਸਲਾਹ ਦਿੱਤੀ ਗਈ ਸੀ। ਜਿਸ ਦੇ ਜਵਾਬ ਵਿੱਚ ਲੁਧਿਆਣਾ ਵਿਖੇ ਚੋਣ ਪ੍ਰਚਾਰ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਅੰਮ੍ਰਿਤਧਾਰੀ ਤੇ ਗੁਰਸਿੱਖ ਹਨ,ਪਰ ਆਮ ਆਦਮੀ ਪਾਰਟੀ ਨੂੰ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ,ਤਾਂ ਸਾਰਿਆਂ ਨੂੰ ਪਤਾ ਲੱਗ ਜਾਵੇਗਾ,ਕਿ ਕੌਣ ਸ਼ਰਾਬ ਪੀਂਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸ਼ਰਾਬ ਬਾਰੇ ਤਾਂ ਪ੍ਰਧਾਨ ਮੰਤਰੀ, ਸਪੀਕਰ ਤੇ ਹੋਰ ਐਮਪੀ ਚੰਗੀ ਤਰ੍ਹਾਂ ਜਾਣੂੰ ਹਨ। ਸੁਖਬੀਰ ਨੇ ਅੱਜ ਲੁਧਿਆਣਾ ਪੱਛਮੀ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਤਾਂ ਜੋ ਪੰਜਾਬ ਦੇ ਸਰਵ ਪੱਖੀ ਵਿਕਾਸ, ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਦਾ ਰਾਹ ਪੱਧਰਾ ਹੋਵੇਗਾ। ਸੁਖਬੀਰ ਨੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਇਕ ਖੇਤਰੀ ਪਾਰਟੀ ਪੰਜਾਬੀਆਂ ਦੀਆਂ ਆਸਾਂ ਪੂਰੀਆਂ ਕਰ ਸਕਦੀ ਹੈ, ਲਟਕਦੇ ਮਸਲੇ ਹੱਲ ਕਰ ਸਕਦੀ ਹੈ ਅਤੇ ਲੋਕ ਪੱਖੀ ਪ੍ਰਸ਼ਾਸਨ ਦੇ ਸਕਦੀ ਹੈ ਜਦੋਂ ਕਿ ਦਿੱਲੀ ਦੀਆਂ ਪਾਰਟੀਆਂ ਤਾਂ ਸਿਰਫ ਪੰਜਾਬ ਨੂੰ ਲੁੱਟਣ ’ਤੇ ਲੱਗੀਆਂ ਹਨ। ਆਪ ਸਰਕਾਰ ਦੀ ਗੱਲ ਕਰਦਿਆਂ ਸੁਖਬੀਰ ਨੇ ਕਿਹਾ ਕਿ ਇਹ ਸਰਕਾਰਾਂ ਈਸਟ ਇੰਡੀਆ ਕੰਪਨੀ ਵਾਂਗ ਕੰਮ ਕਰ ਰਹੀਆਂ ਹਨ। ਇਹਨਾਂ ਨੇ ਆਪਣੀ ਦਿੱਲੀ ਲੀਡਰਸ਼ਿਪ ਦੇ ਖ਼ਜ਼ਾਨੇ ਭਰਨ ਵਾਸਤੇ ਪੰਜਾਬ ਨੂੰ ਲੁੱਟਿਆ। ਸੁਖਬੀਰ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੇ ਪਹਿਲਾਂ ਹੀ 8 ਸਾਲ ਖਰਾਬ ਕਰ ਲਏ ਹਨ। ਉਹਨਾਂ ਕਿਹਾ ਕਿ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨੇ ਇੱਕ ਮੌਕਾ ਦਿੱਤਾ ਹੈ ਕਿ ਆਪ ਸਰਕਾਰ ਤੋਂ ਜਵਾਬ ਤਲਬੀ ਕੀਤੀ ਜਾਵੇ ਅਤੇ ਇਸ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਕਦੇ ਵੀ ਇੰਨਾ ਨੁਕਸਾਨ ਨਹੀਂ ਝੱਲਿਆ ਜਿੰਨਾ ਆਪ ਸਰਕਾਰ ਦੇ ਰਾਜ ਵਿਚ ਝੱਲਿਆ ਹੈ। ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਅਜਿਹੀ ਹੈ ਕਿ ਵਪਾਰੀ ਲੋਕ ਹੁਣ ਹੋਰ ਰਾਜਾਂ ਵਿਚ ਨਿਵੇਸ਼ ਕਰਨ ਨੂੰ ਪਹਿਲ ਦੇ ਰਹੇ ਹਨ। ਉਹਨਾਂ ਕਿਹਾ ਕਿ ਫਿਰੌਤੀਆਂ ਤੇ ਕਤਲ ਨਿੱਤ ਦਾ ਕੰਮ ਹੋ ਗਿਆ ਹੈ। ਆਪ ਵਿਧਾਇਕ ਨਸ਼ਾ ਤਸਕਰਾਂ ਨਾਲ ਰਲ ਕੇ ਕੰਮ ਕਰ ਰਹੇ ਹਨ ਜਿਸ ਕਾਰਣ ਨਸ਼ਾ ਤਸਕਰੀ ਅਤੇ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤਾਂ ਵੱਧ ਰਹੀਆਂ ਹਨ। ਸੁਖਬੀਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦੀ ਤੁਲਨਾ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਨਾਲ ਕਰਨ। ਉਹਨਾਂ ਕਿਹਾ ਕਿ ਅਸੀਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਸਰਬੱਤ ਦੇ ਭਲੇ ਦੇ ਸਿਧਾਂਤ ’ਤੇ ਚਲਦੇ ਹਾਂ। ਅਸੀਂ ਸਾਰੇ ਭਾਈਚਾਰਿਆਂ ਦੀ ਕਦਰ ਤੇ ਸਤਿਕਾਰ ਕਰਦੇ ਹਾਂ। ਸਾਰੇ ਭਾਈਚਾਰਿਆਂ ਦੇ ਲੋਕਾਂ ਨੇ ਮੰਨਿਆ ਹੈ ਕਿ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਉਹਨਾਂ ਵਿਚੋਂ ਹੀ ਸਨ। ਸਾਰੇ ਭਾਈਚਾਰਿਆਂ ਨੂੰ ਸਰਦਾਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ’ਤੇ ਵਿਸ਼ਵਾਸ ਸੀ। ਸੁਖਬੀਰ ਨੇ ਕਿਹਾ ਕਿ ਸਾਰੇ ਵੱਡੇ ਪ੍ਰੋਜੈਕਟ ਤੇ ਵਿਕਾਸ ਕਾਰਜ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਏ ਸਨ। ਸੁਖਬੀਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਪਾਉਣ ਤੋਂ ਪਹਿਲਾਂ ਚੋਣ ਮੈਦਾਨ ਵਿਚ ਨਿੱਤਰੇ ਸਾਰੇ ਉਮੀਦਵਾਰਾਂ ਦੀ ਤੁਲਨਾ ਕਰਕੇ ਵੇਖ ਲੈਣ। ਉਹਨਾਂ ਕਿਹਾ ਕਿ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਇਕ ਪ੍ਰਮੁੱਖ ਵਕੀਲ ਹਨ ਜੋ ਅਨੇਕਾਂ ਸਮਾਜਿਕ ਪਹਿਲਕਦਮੀਆਂ ਲਈ ਜਾਣੇ ਜਾਂਦੇ ਹਨ। ਉਹ ਹੀ ਤੁਹਾਡੀਆਂ ਵੋਟਾਂ ਦੇ ਅਸਲ ਹੱਕਦਾਰ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਸੰਜੀਵ ਅਰੋੜਾ ਗੁੜਗਾਓਂ ਰਹਿੰਦੇ ਹਨ ਅਤੇ ਸਿਰਫ ਇਸ ਕਰ ਕੇ ਚੋਣਾਂ ਲੜ ਰਹੇ ਹਨ,ਤਾਂ ਜੋ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਵਿਚ ਭੇਜਣ ਦਾ ਰਾਹ ਪੱਧਰਾ ਹੋ ਸਕੇ। ਇਸ ਮੌਕੇ ਸਾਬਕਾ ਡਿਪਟੀ ਮੇਅਰ ਆਰਡੀ ਸ਼ਰਮਾ, ਨਰੇਸ਼ ਧੀਂਗਾਨ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button