Punjab

ਮੁੜ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਦਾ ਅਸਲ ਵਾਰਿਸ ਦੱਸ ਅਕਾਲੀ ਆਗੂਆਂ ਕੀਤੀ ਮੀਟਿੰਗ

ਪੰਜਾਬ ਅਤੇ ਪੰਥ ਨੂੰ ਮਜ਼ਬੂਤ ਕਰਨ ਲਈ ਸੱਚੇ ਅਤੇ ਮੇਹਨਤੀ ਪੰਜਾਬੀ ਅੱਗੇ ਆਉਣ–ਅਕਾਲੀ ਆਗੂ

ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 21 ਅਗਸਤ : ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਅਕਾਲੀ ਦਲ ਨੂੰ ਨਿੱਜੀ ਸੰਪਤੀ ਬਨਾਉਣ ਵਾਲੇ ਅਕਾਲੀ ਆਗੂਆਂ ਦੀਆਂ ਗਲਤ ਨੀਤੀਆਂ ਕਾਰਣ ਵਿਕਾਸ ਦੀ ਲੀਹੋ ਲਹਿ ਕਰਜ਼ੇ ਦੀ ਜਕੜ ’ਚ ਆਏ ਪੰਜਾਬ ਨੂੰ ਮੁੜ ਤਰੱਕੀ ਅਤੇ ਖ਼ੁਸ਼ਹਾਲੀ ਦੇ ਰਾਹ ਤੌਰ ਸੋਨੇ ਦੀ ਚਿੜੀ ਬਣਾਉਣ ਲਈ ਪੰਥ ਨੇ 11 ਅਗਸਤ ਨੂੰ ਨਵੇਂ ਸ਼੍ਰੋਮਣੀ ਅਕਾਲੀ ਦਲ ਬਣਾਇਆ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਪੰਜਾਬ ਦਾ ਵਾਰਿਸ ਹੋ ਨਿੱਬੜੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਫ਼ਿਰੋਜ਼ਪੁਰ ਵਿਖੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਜਥੇਦਾਰ ਕਰਨੈਲ ਸਿੰਘ ਭਾਵੜਾ, ਮੁਖ਼ਤਿਆਰ ਸਿੰਘ ਭੁੱਲਰ, ਦਵਿੰਦਰ ਸਿੰਘ ਸੇਖੋਂ, ਸੂਬੇਦਾਰ ਚਰਨ ਸਿੰਘ ਕਿਰਤੀ ਚੱਕਰ ਆਦਿ ਨੇ ਪਾਰਟੀ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰ–ਵਟਾਂਦਰਾ ਕਰਨ ਉਪਰੰਤ ਕੀਤਾ। ਪਾਰਟੀ ਦੇ ਪਸਾਰ ਅਤੇ ਵਿਸਥਾਰ ਸਬੰਧੀ ਚਰਚਾਵਾਂ ਕਰਨ ਲਈ ਆਗੂਆਂ ਨੇ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ। ਚੁਣਿੰਦਾ ਆਗੂਆਂ ਦੀ ਹੋਈ ਗੱਲਬਾਤ ਦੌਰਾਨ ਸਭਨਾਂ ਨੇ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਦੀ ਚੋਣ ’ਤੇ ਸੰਤੁਸ਼ਟੀ ਕਰਦਿਆਂ ਜਥੇਦਾਰ ਕਰਨੈਲ ਸਿੰਘ ਭਾਵੜਾ ਅਤੇ ਮਿਸਲ ਸਤਲੁਜ ਦੇ ਆਗੂ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਦੋਨੋ ਆਗੂ ਉੱਚ ਪੜ੍ਹੇ–ਲਿਖੇ ਅਤੇ ਖ਼ਾਲਸ ਸੋਚ ਦੇ ਮਾਲਕ ਹਨ, ਜੋ ਪੁਰਾਤਨ ਅਕਾਲੀ ਦਲ ਵਿਧੀ–ਵਿਧਾਨ ਅਤੇ ਰਵਾਇਤਾਂ ’ਤੇ ਪਹਿਰਾ ਦੇ ਪੰਥ ਅਤੇ ਪੰਜਾਬ ਦੀ ਗੁਆਚੀ ਭੱਲ ਨੂੰ ਬਹਾਲ ਕਰਨ ਦੇ ਬਿਲਕੁਲ ਸਮਰੱਥ ਹਨ। ਬੀਤੇ ’ਤੇ ਚਿੰਤਾ ਜ਼ਾਹਿਰ ਕਰਦਿਆਂ ਡਾ: ਮੁਖ਼ਤਿਆਰ ਸਿੰਘ ਭੁੱਲਰ ਨੇ ਕਿਹਾ ਕਿ ਸਮੇਂ–ਸਮੇਂ ’ਤੇ ਆਈਆਂ ਸਰਕਾਰਾਂ ਨੇ ਪੰਜਾਬ ਨੂੰ ਰੋਲਿਆ ਤੇ ਨਸਲਾਂ ਅਤੇ ਫ਼ਸਲਾਂ ਦਾ ਨੁਕਸਾਨ ਕੀਤਾ। ਸੂਬੇਦਾਰ ਚਰਨ ਸਿੰਘ ਕਿਰਤੀ ਚੱਕਰ ਨੇ ਕਿਹਾ ਕਿ ਪੁਨਰ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਮੀਟਿੰਗਾਂ ਨੂਮਾ ਕਾਨਫਰੰਸ ’ਚ ਹੋ ਰਹੇ ਲੋਕਾਂ ਦੇ ਲਾਮਿਸਾਲ ਇਕੱਠ ਦਰਸਾਉਂਦੇ ਹਨ ਕਿ ਪੰਜਾਬ ਨੂੰ ਯੋਗ ਮਿਲੀ ਅਗਵਾਈ ਤੋਂ ਲੋਕ ਸੰਤੁਸ਼ਟ ਹਨ ਅਤੇ ਵਹੀਰਾਂ ਘੱਤ ਸਮਾਗਮਾਂ ਵਿਚ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਸਿੱਖ ਕੌਮ ਅਤੇ ਦੇਸ਼-ਵਿਦੇਸ਼ ’ਚ ਬੈਠੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਪੰਥਿਕ ਸੋਚ ਦੇ ਪਹਿਰੇਦਾਰ ਪੁਨਰ ਸੁਰਜੀਤ ਹੋਏ ਅਸਲੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੋ ਤਾਂ ਜੋ ਲੋਕ ਆਵਾਜ਼ ਨੂੰ ਬੁਲੰਦ ਕਰਕੇ ਨਰੋਆ ਅਤੇ ਤੰਦਰੁਸਤ ਪਹਿਲਾਂ ਵਾਲਾ ਪੰਜਾਬ ਸਿਰਜਿਆ ਜਾ ਸਕੇ, ਜਿੱਥੇ ਇਨਸਾਫ਼ ਦਾ ਤੁਰਾਜੂ ਸਭ ਲਈ ਇਕ ਹੋਵੇ, ਭਾਈਚਾਰਿਕ ਸਾਂਝ ਦੇ ਠੰਡੇ–ਮਿੱਠੇ ਬੁੱਲੇ ਆਉਣ, ਤਰੱਕੀ ਅਤੇ ਖ਼ੁਸ਼ਹਾਲੀ ਦੀਆਂ ਲਹਿਰਾਂ ਚੱਲਣ, ਜਿਸ ਦਾ ਹਰ ਪੰਜਾਬੀ ਲਾਭ ਉਠਾਵੇ ਤੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਦੀ ਭਾਲ ਲਈ ਬਾਹਰ ਨਾ ਜਾਣਾ ਪਵੇ। ਪੰਜਾਬ ਦੇ ਭਲੇ ਲਈ ਪ੍ਰਮਾਤਮਾ ਦੀ ਕਲਾ ਵਰਤਣ ਦਾ ਦਾਅਵਾ ਕਰਦਿਆਂ ਆਗੂਆਂ ਨੇ ਕਿਹਾ ਕਿ ਉੱਚੀ ਤੇ ਸੁਚੀ ਸੋਚ ਵਾਲਾ ਅਕਾਲੀ ਦਲ ਪ੍ਰਤੱਖ ਰੂਪ ਵਿਚ ਨਿੱਤਰ ਕੇ ਸਾਹਮਣੇ ਆ ਗਿਆ ਹੈ, ਜਿਸ ’ਤੇ ਸੰਗਤ ਨੇ ਮੋਹਰ ਲਗਾ ਦਿੱਤੀ ਹੈ। ਹੁਣ ਚੰਗਾ ਚਾਹੁਣ ਵਾਲੇ ਹਰ ਨਾਗਰਿਕ ਦਾ ਫਰਜ਼ ਬਣਦਾ ਕਿ ਉਹ ਅੱਗੇ ਆਵੇ। ਇਸ ਮੌਕੇ ਮੀਟਿੰਗ ਵਿਚ ਸਿਮਰਨਜੀਤ ਸਿੰਘ ਲੋਹਗੜ੍ਹ, ਬਲਵਿੰਦਰ ਸਿੰਘ ਖਾਲਸਾ, ਕੈਪਟਨ ਜਰਨੈਲ ਸਿੰਘ, ਕੈਪਟਨ ਲਖਵਿੰਦਰ ਸਿੰਘ, ਕੈਪਟਨ ਸੁਰਜੀਤ ਸਿੰਘ, ਸਤਨਾਮ ਸਿੰਘ ਵਲੂਰ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button