
ਐੱਸਏਐੱਸ ਨਗਰ, 10 ਸਤੰਬਰ : ਮੁਹਾਲੀ ਦੇ ਸੈਕਟਰ-68 ’ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਐੱਚਡੀਐੱਫਸੀ ਬੈਂਕ ਦੀ ਸ਼ਾਖਾ ਵਿਚ ਆਪਣੀ ਹੀ ਲਾਇਸੈਂਸੀ ਪਿਸਤੌਲ ਨਾਲ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮੋਗਾ ਦੇ ਰਹਿਣ ਵਾਲੇ ਰਾਜਦੀਪ ਵਜੋਂ ਹੋਈ ਹੈ। ਉਸ ਨੇ ਆਪਣੇ 45 ਬੋਰ ਦੇ ਪਿਸਤੌਲ ਨਾਲ ਸਿਰ ਵਿਚ ਗੋਲ਼ੀ ਮਾਰੀ। ਘਟਨਾ ਦੁਪਹਿਰ ਕਰੀਬ 2:30 ਵਜੇ ਦੀ ਹੈ। ਜਦੋਂ ਬੈਂਕ ਦੇ ਸਟਾਫ਼ ਨੂੰ ਪਖ਼ਾਨੇ ਅੰਦਰ ਗੋਲ਼ੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਸਾਰੇ ਸਹਿਮ ਗਏ। ਬੈਂਕ ਮੈਨੇਜਰ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਐੱਸਐੱਚਓ ਫੇਜ਼-8, ਸਤਨਾਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫੇਜ਼-6 ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ। ਮ੍ਰਿਤਕ ਦਾ ਲਾਇਸੈਂਸੀ ਪਿਸਤੌਲ ਵੀ ਪੁਲਿਸ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਰਾਜਦੀਪ ਸੈਕਟਰ-80 ’ਚ ਇਕ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ ਅਤੇ ਸੈਕਟਰ-82 ਵਿਚ ਉਸ ਦੀ ‘ਓਵਰਲੈਂਡ’ ਨਾਂ ਦੀ ਇਮੀਗ੍ਰੇਸ਼ਨ ਕੰਪਨੀ ਸੀ। ਪੁਲਿਸ ਵੱਲੋਂ ਬੈਂਕ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਜਾਂਚ ਲਈ ਹਾਸਲ ਕੀਤੀ ਗਈ ਹੈ।ਥਾਣਾ ਫੇਜ਼-8 ਦੇ ਐੱਸਐੱਚਓ ਸਤਨਾਮ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ ਢਾਈ ਵਜੇ ਪੁਲਿਸ ਨੂੰ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਰਾਜਦੀਪ ਨਾਂ ਦੇ ਵਿਅਕਤੀ ਨੇ ਐੱਚਡੀਐੱਫਸੀ ਬੈਂਕ ਦੇ ਪਖ਼ਾਨੇ ਵਿਚ ਗੋਲ਼ੀ ਮਾਰ ਕੇ ਖੁਦਕੁਸ਼ੀ ਕੀਤੀ ਹੈ। ਅਸੀਂ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ ਅਤੇ ਮ੍ਰਿਤਕ ਦੇ ਪਿਸਤੌਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਪਤਾ ਲਗਾਇਆ ਜਾਵੇਗਾ ਕਿ ਰਾਜਦੀਪ ਦਾ ਬੈਂਕ ਵਿਚ ਖਾਤਾ ਹੈ ਜਾਂ ਨਹੀਂ। ਫਿਲਹਾਲ, ਮ੍ਰਿਤਕ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਪਰਿਵਾਰ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।



