
ਸ੍ਰੀ ਗੋਇੰਦਵਾਲ ਸਾਹਿਬ, 20 ਜੂਨ : ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਛਾਪੜੀ ਸਾਹਿਬ ਕੋਲ ਰੁੱਖ ਹੇਠਾਂ ਬੈਠੇ ਤਿੰਨ ਜਣਿਆਂ ਵੱਲੋਂ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਜਵਾਬੀ ਗੋਲੀਬਾਰੀ ਦੌਰਾਨ ਇਕ ਜਣਾ ਜਖ਼ਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਕਾਬੂ ਕਰਕੇ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਇਕ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਕ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਬੂ ਕੀਤਾ ਮੁਲਜ਼ਮ 25 ਮਈ ਨੂੰ ਦਰਜ ਇਕ ਕੇਸ ਵਿਚ ਲੁੜੀਂਦਾ ਸੀ ਅਤੇ ਜਲੰਧਰ ਦਿਹਾਤੀ ਦੀ ਪੁਲਿਸ ਉਸ ਨੂੰ ਸੂਚਨਾ ਦੇ ਅਧਾਰ ’ਤੇ ਗ੍ਰਿਫ਼ਤਾਰ ਕਰਨ ਲਈ ਉਥੇ ਪਹੁੰਚੀ ਸੀ। ਜਲੰਧਰ ਦਿਹਾਤੀ ਜ਼ਿਲ੍ਹੇ ਨਾਲ ਸਬੰਧਤ ਸਬ ਇੰਸਪੈਕਟਰ ਲਾਭ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਸੋਨਾ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਹੰਸਾਵਾਲਾ ਜ਼ਿਲ੍ਹਾ ਤਰਨਤਾਰਨ ਜੋ 25 ਮਈ ਨੂੰ ਦਰਜ ਕੇਸ ਵਿਚ ਲੁੜੀਂਦਾ ਹੈ, ਦੀ ਭਾਲ ਵਿਚ ਉਹ ਆਪਮੀ ਟੀਮ ਸਮੇਤ ਪਿੰਡ ਹੰਸਾਵਾਲਾ ਪੁੱਜੇ ਸਨ। ਇਥੋਂ ਪਤਾ ਲੱਗਾ ਕਿ ਨਵਦੀਪ ਸਿੰਘ ਸੋਨਾ 2 ਹੋਰ ਲੋਕਾਂ ਹਰਮਨ ਪੁੱਤਰ ਜਰਨੈਲ ਸਿੰਘ ਵਾਸੀ ਖਵਾਸਪੁਰ ਅਤੇ ਗੁਰਸੇਵਕ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਛਾਪੜੀ ਸਾਹਿਬ ਸਮੇਤ ਅੱਡਾ ਛਾਪੜੀ ਸਾਹਿਬ ਕੋਲ ਬੋਹੜ ਦੇ ਰੁੱਖ ਹੇਠ ਬੈਠੇ ਹਨ। ਜਦੋਂ ਉਹ ਉਥੇ ਪੁੱਜੇ ਤਾਂ ਉਕਤ ਲੋਕਾਂ ਨੇ ਪੁਲਿਸ ਉੱਪਰ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਦੌਰਾਨ ਇਕ ਗੋਲੀ ਗੁਰਸੇਵਕ ਸਿੰਘ ਦੀ ਬਾਂਹ ’ਤੇ ਲੱਗ ਗਈ ਅਤੇ ਉਸ ਨੂੰ ਕਾਬੂ ਕਰਕੇ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਇਸੇ ਦੌਰਾਨ ਨਵਦੀਪ ਸਿੰਘ ਵੀ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਹਰਮਨ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਤੋਂ ਇਕ 38 ਬੋਰ ਅਤੇ ਇਕ ਪਿਸਟਲ ਦਾ ਖੋਲ ਬਰਾਮਦ ਹੋਇਆ ਹੈ।



