Punjab

ਮਾਪਿਆਂ ਦੇ ਇਕਲੌਤੇ ਪੁੱਤਰ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ, ਬਾਂਹ ‘ਚ ਲੱਗੀ ਮਿਲੀ ਸਰਿੰਜ

ਭਵਾਨੀਗੜ੍ਹ , 20 ਮਈ- ਨੇੜਲੇ ਪਿੰਡ ਬਖੋਪੀਰ ਵਿਖੇ ਬੀਤੀ ਸ਼ਾਮ ਨਸ਼ੇ ਦੀ ਓਵਰਡੋਜ਼ ਨਾਲ ਇੱਕ ਅਣਵਿਆਹੇ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ (25) ਦੇ ਰੂਪ ਵਿਚ ਹੋਈ ਜੋ ਘਰ ਦੇ ਸਾਹਮਣੇ ਬਣੇ ਬਾਥਰੂਮ ‘ਚੋਂ ਮ੍ਰਿਤਕ ਹਾਲਤ ਵਿਚ ਮਿਲਿਆ ਜਿਸਦੀ ਬਾਂਹ ਵਿਚ ਸਰਿੰਜ ਲੱਗੀ ਹੋਈ ਸੀ। ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਬਖੋਪੀਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਹਰਪ੍ਰੀਤ ਸਿੰਘ ਦੀ ਕਰੀਬ ਦੋ ਢਾਈ ਸਾਲ ਦੀ ਪਹਿਲਾਂ ਮੌਤ ਹੋ ਗਈ ਸੀ ਅਤੇ ਭੈਣ ਵਿਆਹੀ ਹੋਈ ਹੈ ‘ਤੇ ਹੁਣ ਘਰ ‘ਚ ਇਕੱਲੇ ਮਾਂ-ਪੁੱਤ ਹੀ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸ਼ਾਮ ਉਕਤ ਨੌਜਵਾਨ ਬਾਥਰੂਮ ਗਿਆ ਸੀ ਤੇ ਕਾਫੀ ਸਮਾਂ ਬਾਹਰ ਨਹੀਂ ਆਇਆ ਜਿਸ ਤੋਂ ਬਾਅਦ ਉਸਦੀ ਮਾਂ ਵੱਲੋਂ ਆਵਾਜ਼ ਦੇਣ ‘ਤੇ ਵੀ ਜਦੋਂ ਨੌਜਵਾਨ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਉਸਦੀ ਮਾਂ ਨੇ ਰੌਲਾ ਪਾ ਦਿੱਤਾ। ਮੌਕੇ ‘ਤੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਨੌਜਵਾਨ ਨੂੰ ਜਦੋਂ ਤੱਕ ਬਾਥਰੂਮ ‘ਚੋਂ ਬਾਹਰ ਕੱਢਿਆ ਉਸ ਸਮੇਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਬਾਂਹ ਵਿਚ ਇਕ ਸਰਿੰਜ ਵੀ ਲੱਗੀ ਹੋਈ ਸੀ। ਸਾਬਕਾ ਸਰਪੰਚ ਬਖੋਪੀਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਹਾਲੇ ਕੁਆਰਾ ਸੀ ‘ਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਪਿੰਡ ਵਾਸੀਆਂ ਨੇ ਘਟਨਾ ਸਬੰਧੀ ਡੂੰਘਾ ਦੁੱਖ ਪ੍ਰਗਟ ਕਰਦਿਆਂ ਸਵਾਲ ਖੜ੍ਹੇ ਕੀਤੇ ਕਿ ਇਕ ਪਾਸੇ ਸਰਕਾਰ ਵੱਲੋਂ ‘ਨਸ਼ਿਆਂ ਵਿਰੁੱਧ’ ਮੁਹਿੰਮ ਵਿੱਢੀ ਗਈ ਅਤੇ ਹਲਕਾ ਵਿਧਾਇਕਾ ਵੱਲੋਂ ਅੱਜ ਭਵਾਨੀਗੜ੍ਹ ਦੇ ਕਈ ਪਿੰਡਾਂ ਵਿੱਚ ਨਸ਼ਿਆਂ ਖਿਲਾਫ ਜਾਗਰੂਕਤਾ ਸਮਾਗਮ ‘ਤੇ ਦੂਜੇ ਪਾਸੇ ਅਜੇ ਵੀ ਇਲਾਕੇ ‘ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਲਾਕੇ ਅੰਦਰ ਨਸ਼ੇ ਸ਼ਰੇਆਮ ਵਿਕ ਰਹੇ ਹਨ।

ਸਾਨੂੰ ਕੋਈ ਸੂਚਨਾ ਜਾਂ ਸ਼ਿਕਾਇਤ ਨਹੀਂ ਮਿਲੀ : ਡੀਐੱਸਪੀ

ਉਧਰ, ਜਦੋਂ ਇਸ ਸਬੰਧੀ ਪੁਲਸ ਦਾ ਪੱਖ ਜਾਨਣ ਲਈ ਫੋਨ ਕੀਤਾ ਤਾਂ ਥਾਣਾ ਮੁਖੀ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪ੍ਰੋਗਰਾਮਾਂ ਵਿੱਚ ਰੁਝੇ ਹੋਏ ਸਨ। ਡੀ.ਐਸ.ਪੀ ਭਵਾਨੀਗੜ੍ਹ ਰਾਹੁਲ ਕੌਸ਼ਲ ਨੇ ਕਿਹਾ ਕਿ ਉਹਨਾਂ ਨੂੰ ਇਸ ਸਬੰਧੀ ਕੋਈ ਸੂਚਨਾ ਜਾ ਸ਼ਿਕਾਇਤ ਨਹੀਂ ਦਿੱਤੀ।

Related Articles

Leave a Reply

Your email address will not be published. Required fields are marked *

Back to top button