
ਜਲੰਧਰ, 30 ਨਵੰਬਰ : ਲੋਹੀਆਂ ਖਾਸ ਦੇ ਪਿੰਡ ਕੰਗ ਕਲਾਂ ’ਚ ਮਾਂ-ਧੀ ਨਾਲ ਤਲਵਾਰ ਦੀ ਨੋਕ ’ਤੇ ਕੀਤੇ ਗਏ ਸਮੂਹਿਕ ਜਬਰ-ਜਨਾਹ ਤੇ ਚੋਰੀ ਦੇ ਮਾਮਲੇ ’ਚ ਜਲੰਧਰ ਦਿਹਾਤ ਪੁਲਿਸ ਨੇ ਚਾਰ ਦਿਨਾਂ ਦੀ ਜਾਂਚ ਤੋਂ ਬਾਅਦ ਤਿੰਨ ਮੁਲਜ਼ਮਾਂ ਸਾਜਨ, ਰੋਕੀ ਤੇ ਅਰਸ਼ਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਚੌਥਾ ਮੁਲਜ਼ਮ ਰਾਜਨ ਉਰਫ਼ ਰੋਹਿਤ ਹਾਲੇ ਵੀ ਫਰਾਰ ਹੈ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਤਿੰਨੋ ਗ੍ਰਿਫਤਾਰ ਮੁਲਜ਼ਮ 18–19 ਸਾਲ ਦੀ ਉਮਰ ਦੇ ਹਨ ਤੇ ਪਹਿਲਾਂ ਵੀ ਚੋਰੀ, ਲੁੱਟ ਤੇ ਨਸ਼ੇ ਦੇ ਮਾਮਲਿਆਂ ’ਚ ਜੇਲ੍ਹ ਜਾ ਚੁੱਕੇ ਹਨ। ਹਾਲ ਹੀ ’ਚ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਇਹ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ। ਐੱਸਐੱਸਪੀ ਮੁਤਾਬਕ ਇਹ ਵਾਰਦਾਤ 23-24 ਨਵੰਬਰ ਦੀ ਰਾਤ ਤਕਰੀਬਨ 1:30 ਵਜੇ ਦੀ ਹੈ। ਚਾਰੋਂ ਜਵਾਕ ਇਕ ਜ਼ਿਮੀਂਦਾਰ ਦੇ ਟਿਊਬਵੈੰਲ ’ਤੇ ਬਣੇ ਕਮਰਿਆਂ ’ਚ ਚੋਰੀ ਦੀ ਨੀਅਤ ਨਾਲ ਵੜੇ ਸਨ। ਜਿਵੇਂ ਹੀ ਉਹ ਕਮਰੇ ’ਚ ਦਾਖ਼ਲ ਹੋਏ ਤਾਂ ਉਥੇ ਖੇਤਾਂ ’ਚ ਕੰਮ ਕਰਨ ਵਾਲੀ 35 ਸਾਲਾ ਮਹਿਲਾ ਤੇ ਉਸ ਦੀ 19 ਸਾਲਾ ਧੀ ਮੌਜੂਦ ਸੀ। ਮੁਲਜ਼ਮਾਂ ਨੇ ਪਹਿਲਾਂ ਦੋਹਾਂ ਨਾਲ ਕੁੱਟਮਾਰ ਕੀਤੀ, ਫਿਰ ਮਹਿਲਾ ਦੇ ਜਵਾਈ ਤੇ ਤਿੰਨ ਨਾਬਾਲਿਗ ਬੱਚਿਆਂ ਨੂੰ ਹੋਰ ਕਮਰੇ ’ਚ ਬੰਦ ਕਰ ਦਿੱਤਾ। ਉਸ ਤੋਂ ਬਾਅਦ ਮਾਂ-ਧੀ ਦੀ ਧੌਣ ’ਤੇ ਤਲਵਾਰ ਰੱਖ ਕੇ ਵਾਰੀ-ਵਾਰੀ ਜਬਰ-ਜਨਾਹ ਕੀਤਾ। ਵਾਰਦਾਤ ਦੌਰਾਨ ਉਨ੍ਹਾਂ ਨੇ ਤਲਵਾਰ ਤੇ ਬੰਦੂਕ ਦਿਖਾ ਕੇ ਧਮਕੀਆਂ ਵੀ ਦਿੱਤੀਆਂ ਕਿ ਪੁਲਿਸ ਨੂੰ ਦੱਸਿਆ ਤਾਂ ਸਾਰੇ ਪਰਿਵਾਰ ਨੂੰ ਮਾਰ ਦੇਣਗੇ।
ਵਾਰਦਾਤ ਤੋਂ ਬਾਅਦ ਚੋਰੀ ਵੀ ਕੀਤੀ ਤੇ ਬੈਠ ਕੇ ਵਿਦੇਸ਼ੀ ਸ਼ਰਾਬ ਪੀਤੀ
ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਚੋਰੀ ਕਰਨ ਆਏ ਸਨ ਪਰ ਮਹਿਲਾਵਾਂ ਨੂੰ ਦੇਖ ਕੇ ਅਪਰਾਧ ਕਰ ਬੈਠੇ। ਕਮਰੇ ਦੀ ਤਲਾਸ਼ੀ ਦੌਰਾਨ ਉਨ੍ਹਾਂ ਨੂੰ ਮਹਿੰਗੀਆਂ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ। ਜਬਰ-ਜਨਾਹ ਤੇ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮ ਉੱਥੇ ਬੈਠ ਕੇ ਸ਼ਰਾਬ ਪੀਦੇ ਰਹੇ ਤੇ ਕਮਰੇ ’ਚੋਂ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਉਹ ਅਕਸਰ ਖੇਤਾਂ ’ਚ ਬਣੇ ਕਮਰਿਆਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਕਰਦੇ ਰਹੇ ਹਨ ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਫਿਰ ਤੋਂ ਵਾਰਦਾਤਾਂ ਸ਼ੁਰੂ ਕਰ ਦਿੱਤੀਆਂ ਸਨ।



