
ਤਰਨ ਤਾਰਨ, 27 ਮਾਰਚ-ਤਰਨਤਾਰਨ ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਤੋਂ ਇਕ ਮਹੀਨਾ ਪਹਿਲਾਂ ਲਾਪਤਾ ਹੋਏ ਨੌਜਵਾਨ ਨੂੰ ਰੋਟੀ ਖਾਣ ਲਿਜਾਣ ਬਹਾਨੇ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਖੇਤਾਂ ਵਿਚ ਦੱਬ ਦਿੱਤਾ। ਇਕ ਮਹੀਨੇ ਤੋਂ ਦੱਬੇ ਪਏ ਮਾਮਲੇ ਨੂੰ ਪੁਲਿਸ ਨੇ ਉਜਾਗਰ ਕਰਦਿਆਂ ਜਿਥੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਥੇ ਹੀ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਦੱਬੀ ਹੋਈ ਲਾਸ਼ ਵੀ ਬਰਾਮਦ ਕਰ ਲਈ ਗਈ ਹੈ। ਜਿਸ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਇਸ ਸਬੰਧੀ ਪੁਿਲਸ ਨੂੰ ਸੂਚਨਾ ਦਿੱਤੀ ਤਾਂ 25 ਫਰਵਰੀ ਨੂੰ ਪੁਲਿਸ ਨੇ ਇਸ ਸਬੰਧੀ ਕੇਸ ਦਰਜ਼ ਕਰ ਲਿਆ। ਥਾਣਾ ਚੋਹਲਾ ਸਾਹਿਬ ਦੇ ਮੁਖੀ ਸਬ ਇੰਸੈਪਕਟਰ ਰਾਜ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਸੁਖਦੇਵ ਸਿੰਘ ਸੋਨੂੰ ਪੁੱਤਰ ਕਾਬਲ ਸਿੰਘ ਵਾਸੀ ਬਹਿਕਾਂ ਖਾਰਾ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਗਿਆ। ਇਸ ਦੌਰਾਨ ਕੀਤੀ ਗਈ ਪੁੱਛਗਿੱਛ ਦੌਰਾਨ ਉਸਨੇ ਖੁਲਾਸਾ ਕੀਤਾ ਕਿ ਉਸਦੇ ਪਿਤਾ ਦਾ ਇਕ ਹੋਰ ਭਰਾ ਹਰਦਿਆਲ ਸਿੰਘ ਹੈ। ਜਿਸ ਨੇ ਸਾਲ 2022 ’ਚ ਚਾਰ ਏਕੜ ਜ਼ਮੀਨ 18 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਤਿੰਦਰ ਕੁਮਾਰ ਗੋਲਡੀ ਪੁੱਤਰ ਦਵਿੰਦਰ ਸਿੰਘ ਕੁਮਾਰ ਵਾਸੀ ਪੱਟੀ ਜੋ ਹੁਣ ਅੰਮ੍ਰਿਤਸਰ ਰਹਿੰਦਾ ਹੈ ਨੂੰ ਵੇਚੀ ਸੀ। ਪੈਸੇ ਮਿਲ ਜਾਣ ’ਤੇ ਉਸਦਾ ਚਾਚਾ ਹਰਦਿਆਲ ਸਿੰਘ ਬੇਈਮਾਨ ਹੋ ਗਿਆ। ਉਸਦੇ ਚਾਚੇ ਦੀ ਦੋਸਤੀ ਕੁਲਦੀਪ ਸਿੰਘ ਘੁੱਦਰ ਨਾਲ ਸੀ। ਉਹ ਗੋਲਡੀ ਨੂੰ ਖਰੀਦੀ ਹੋਈ ਜ਼ਮੀਨ ’ਤੇ ਕਬਜ਼ਾ ਨਹੀਂ ਸੀ ਕਰਨ ਦਿੰਦਾ। ਇਸੇ ਰੰਜਿਸ਼ ਤਹਿਤ ਜਤਿੰਦਰ ਕੁਮਾਰ ਗੋਲਡੀ ਨੇ 23 ਫਰਵਰੀ ਨੂੰ ਉਸਦੇ ਇਲਾਵਾ ਗੁਰਪਾਲ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਸਰਹਾਲੀ, ਬਲਜੀਤ ਸਿੰਘ ਭੁਜੀਆ ਪੁੱਤਰ ਜਰਨੈਲ ਸਿੰਘ, ਅਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਸੁੱਖਾ ਪੁੱਤਰ ਜਰਨੈਲ ਸਿੰਘ ਵਾਸੀ ਬਹਿਕਾਂ ਖਾਰਾ ਅਤੇ ਸ਼ਮਸ਼ੇਰ ਸਿੰਘ ਸੋਨੂੰ ਵਾਸੀ ਪਿੱਦੀ ਸਮੇਤ ਘੁੱਦਰ ਦਾ ਕਤਲ ਕਰਨ ਦੀ ਯੋਜਨਾ ਬਣਾ ਲਈ। ਜਿਸ ਨੂੰ ਅੰਜ਼ਾਮ ਦੇਣ ਲਈ ਉਹ ਸਾਰੇ ਮਿਲ ਕੇ ਕੁਲਦੀਪ ਸਿੰਘ ਘੁੱਦਰ ਨੂੰ ਢਾਬੇ ਤੋਂ ਰੋਟੀ ਖਾਣ ਦੇ ਬਹਾਨੇ ਅਗਵਾਹ ਕਰਕੇ ਪਰਾਲੀਆਂ ਦੀਆਂ ਗੰਢਾਂ ਦੇ ਡੰਪ ਕੋਲ ਲੈ ਗਏ। ਜਿਥੇ ਗੋਲਡੀ ਨੇ ਕੁਲਦੀਪ ਸਿੰਘ ਘੁੱਦਰ ਦੇ ਸਿਰ ਵਿਚ ਲੋਹੇ ਦੀ ਰਾਡ ਮਾਰੀ ਅਤੇ ਫਿਰ ਉਸਦੇ ਗਲ ਵਿਚ ਬੈਲਟ ਪਾ ਕੇ ਉਸਦੀ ਹੱਤਿਆ ਕਰ ਦਿੱਤੀ।ਕੁਲਦੀਪ ਸਿੰਘ ਘੁੱਦਰ ਦੀ ਲਾਸ਼ ਉਨ੍ਹਾਂ ਨੇ ਉਥੇ ਹੀ ਦੱਬ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਮਨਦੀਪ ਸਿੰਘ ਨਾਇਬ ਤਹਿਸੀਲਦਾਰ ਖਡੂਰ ਸਾਹਿਬ ਜੋ ਬਤੌਰ ਡਿਊਟੀ ਮੈਜਿਸਟ੍ਰੇਟ ਮੌਜੂਦ ਸਨ, ਦੀ ਹਾਜ਼ਰੀ ਵਿਚ ਲਾਸ਼ ਨੂੰ ਕੱਢ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਤਿੰਦਰ ਕੁਮਾਰ ਗੋਲਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।



