ਮਰੀਜ਼ ਵਲੋਂ ਸ਼ਿਕਾਇਤ ਮਿਲਣ ‘ਤੇ ਸਿਵਲ ਸਰਜਨ ਵਲੋਂ ਦੇਰ ਰਾਤ ਕੀਤੀ ਸਿਵਲ ਹਸਪਤਾਲ਼ ਦੀ ਚੈਕਿੰਗ
ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਜਾਣ ਕਰਕੇ ਸੀਨੀਅਰ ਮੈਡੀਕਲ ਅਫ਼ਸਰ ਤੇ ਸਟਾਫ ਨੂੰ ਕੀਤਾ ਤਲਬ

ਫਿਰੋਜ਼ਪੁਰ, 21 ਜਨਵਰੀ (ਬਾਲ ਕਿਸ਼ਨ )- ਸਿਵਲ ਹਸਪਤਾਲ਼ ਫ਼ਿਰੋਜ਼ਪੁਰ ਵਿਖੇ ਦਾਖ਼ਲ ਮਰੀਜ਼ ਵੱਲੋਂ ਸਹੀ ਢੰਗ ਨਾਲ ਇਲਾਜ ਨਾ ਮਿਲਣ ਸਬੰਧੀ ਸਿਵਲ ਸਰਜਨ ਫਿਰੋਜ਼ਪੁਰ ਡਾ ਰਾਜੀਵ ਪਰਾਸ਼ਰ ਨੂੰ ਫ਼ੋਨ ਕਰਕੇ ਸ਼ਿਕਾਇਤ ਕੀਤੀ ਗਈ। ਸਿਵਲ ਸਰਜਨ ਵਲੋਂ ਤੁਰੰਤ ਸਿਵਲ ਹਸਪਤਾਲ਼ ਦੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਤਾਂ ਕਿ ਕਿਸੇ ਵੀ ਮਰੀਜ਼ ਨੂੰ ਇਲਾਜ਼ ਮਿਲਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਦੀ ਮਰੀਜ਼ ਵਲੋਂ ਦੂਬਾਰਾ ਸ਼ਿਕਾਇਤ ਕਰਨ ਤੇ ਸਿਵਲ ਸਰਜਨ ਡਾ ਰਾਜੀਵ ਪਰਾਸ਼ਰ ਨੇ ਦੇਰ ਰਾਤ ਖੁਦ ਸਿਵਲ ਹਸਪਤਾਲ਼ ਮੌਕੇ ’ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਬੀਤੀ ਦੇਰ ਰਾਤ ਉਨ੍ਹਾਂ ਵਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਐਮਰਜੈਂਸੀ ਵਾਰਡ ਅਤੇ ਜੱਚਾ ਬੱਚਾ ਵਾਰਡ ਦੀ ਅਚਾਨਕ ਜਾਂਚ ਕੀਤੀ ਗਈ। ਜਾਂਚ ਦੌਰਾਨ ਹਸਪਤਾਲ ਵਿੱਚ ਕਈ ਗੰਭੀਰ ਖਾਮੀਆਂ ਸਾਹਮਣੇ ਆਈਆਂ। ਕੁਝ ਕਰਮਚਾਰੀਆਂ ਵੱਲੋਂ ਡਿਊਟੀ ਵਿੱਚ ਲਾਪਰਵਾਹੀ ਅਤੇ ਆਪਣੀਆਂ ਜ਼ਿੰਮੇਵਾਰੀਆਂ ਢੰਗ ਨਾਲ ਨਾ ਨਿਭਾਉਣ ਦੇ ਮਾਮਲੇ ਵੀ ਸਾਹਮਣੇ ਆਏ। ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿਵਲ ਹਸਪਤਾਲ਼ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਅੱਜ ਦਫ਼ਤਰ ਸਿਵਲ ਸਰਜਨ ਵਿਖੇ ਤਲਬ ਕੀਤਾ ਹੈ।
ਸਿਵਲ ਸਰਜਨ ਨੇ ਸਪਸ਼ਟ ਕੀਤਾ ਕਿ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਆਪਣਾ ਕੰਮ ਢੰਗ ਨਾਲ ਨਹੀਂ ਕਰ ਰਹੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।



