Punjab

ਮਰਹੂਮ ਅਕਾਲੀ ਆਗੂ ਦੇ ਸਾਬਕਾ ਪੀਏ ਦਾ ਕਤਲ, ਵੀਡੀਓ ਵਾਇਰਲ

ਲੁਧਿਆਣਾ, 29 ਜੂਨ :  ਲੁਧਿਆਣਾ ਦੇ ਧਾਂਦਰਾ ਰੋਡ ’ਤੇ ਬੀਤੀ ਰਾਤ ਕਾਰ ਸਵਾਰ ਵਿਅਕਤੀ ਦੇ ਤਲਵਾਰਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦੇਣ ਦੇ ਮਾਮਲੇ ਦੀ ਵੀਡੀਓ ਸ਼ਨਿੱਚਰਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਉੱਥੋਂ ਲੰਘ ਰਹੇ ਇੱਕ ਰਾਹਗੀਰ ਨੇ ਇਹ ਵੀਡੀਓ ਆਪਣੇ ਮੋਬਾਈਲ ਫੋਨ ’ਤੇ ਰਿਕਾਰਡ ਕਰ ਲਈ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ (65) ਵਜੋਂ ਹੋਈ ਹੈ ਤੇ ਉਹ ਅਕਾਲੀ ਆਗੂ ਤੇ ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਤਲਵੰਡੀ ਦਾ ਪੀਏ ਰਹਿ ਚੁੱਕਾ ਸੀ। ਮ੍ਰਿਤਕ ਕੁਲਦੀਪ ਸਿੰਘ ਪਿੰਡ ਮੁੰਡੀਆਂ ਦਾ ਵਾਸੀ ਸੀ ਤੇ ਉਹ ਇਸ ਵੇਲੇ ਪ੍ਰਾਪਰਟੀ ਕਾਰੋਬਾਰ ਕਰ ਰਿਹਾ ਸੀ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕੁਲਦੀਪ ਸਿੰਘ ਕੁਝ ਸਮਾਂ ਵਿਦੇਸ਼ ’ਚ ਬਿਤਾਉਣ ਤੋਂ ਬਾਅਦ ਲੁਧਿਆਣਾ ਵਾਪਸ ਆਇਆ ਸੀ। ਬਾਕਸ– ਇੰਝ ਵਾਪਰੀ ਕਤਲ ਦੀ ਵਾਰਦਾਤ ਬੀਤੀ ਰਾਤ ਕੁਲਦੀਪ ਆਪਣੀ ਫਾਕਸਵੈਗਨ ਕਾਰ ’ਚ ਸਵਾਰ ਹੋ ਕੇ ਫਾਰਮ ਹਾਊਸ ਤੋਂ ਘਰ ਵਾਪਸ ਆ ਰਿਹਾ ਸੀ। ਇਸੇ ਦੌਰਾਨ ਦਿੱਲੀ ਨੰਬਰ ਦੀ ਸਵਿਫਟ ਕਾਰ ਨੇ ਉਸ ਦੀ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਬਦਮਾਸ਼ਾਂ ਨੇ ਕੁਲਦੀਪ ਸਿੰਘ ਨੂੰ ਹਾਈਵੇ ’ਤੇ ਘੇਰ ਲਿਆ। ਹਮਲਾਵਾਰਾਂ ਨੇ ਕੁਲਦੀਪ ਨੂੰ ਕਾਰ ’ਚੋਂ ਬਾਹਰ ਕੱਢਿਆ ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬਜ਼ੁਰਗ ਕੁਲਦੀਪ ਮਦਦ ਲਈ ਰੌਲਾ ਪਾਉਂਦਾ ਰਿਹਾ ਪਰ ਕੋਈ ਵੀ ਉਸਦੀ ਮਦਦ ਲਈ ਅੱਗੇ ਨਹੀਂ ਆਇਆ। ਸਾਰੇ ਉਸ ਦੀ ਵੀਡੀਓ ਬਣਾਉਂਦੇ ਰਹੇ। ਹਮਲਾਵਰਾਂ ਨੇ ਕੁਲਦੀਪ ਸਿੰਘ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਤੇ ਉਸ ਉੱਪਰ ਤਲਵਾਰਾਂ ਨਾਲ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਮੁਲਜ਼ਮਾਂ ਨੇ ਅਕਾਲੀ ਆਗੂ ਦੇ ਸਿਰ ’ਚ ਉਦੋਂ ਤੱਕ ਸੱਟਾਂ ਮਾਰੀਆਂ ਜਦੋਂ ਤੱਕ ਉਸ ਨੇ ਦਮ ਨਹੀਂ ਤੋੜ ਦਿੱਤਾ। ਬਾਕਸ– ਹਮਲੇ ਦੀ ਬਣਾਈ ਵੀਡੀਓ ਉਸ ਦੇ ਬਚਾਅ ਲਈ ਤਾਂ ਕੋਈ ਅੱਗੇ ਨਹੀਂ ਆਇਆ ਪਰ ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਹਮਲੇ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੇ ਹੀ ਬੇਰਹਿਮੀ ਨਾਲ ਹੋਏ ਇਸ ਕਤਲ ਦਾ ਮੁੱਦਾ ਚਰਚਾ ਦਾ ਵਿਸ਼ਾ ਬਣ ਗਿਆ। ਤਸਵੀਰਾਂ ’ਚ ਸਾਫ ਦਿਖਾਈ ਦੇ ਰਿਹਾ ਸੀ ਕਿ ਸਵਿਫਟ ਕਾਰ ’ਚ ਆਏ 3 ਤੋਂ 4 ਵਿਅਕਤੀ ਕੁਲਦੀਪ ’ਤੇ ਬੇਰਹਿਮੀ ਨਾਲ ਹਮਲਾ ਕਰ ਰਹੇ ਸਨ। ਕਤਲ ਦੀ ਪੁਸ਼ਟੀ ਕਰਨ ਤੋਂ ਬਾਅਦ ਮੁਲਜ਼ਮ ਆਪਣੀ ਸਵਿਫਟ ਕਾਰ ’ਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਬਾਕਸ– ਲੋਕਾਂ ਨੇ ਕੀਤਾ ਪੁਲਿਸ ਨੂੰ ਸੂਚਿਤ ਖੂਨ ਨਾਲ ਲੱਥਪੱਥ ਕੁਲਦੀਪ ਸਿੰਘ ਸੜਕ ਵਿਚਕਾਰ ਡਿੱਗਿਆ ਹੋਇਆ ਸੀ। ਇਸੇ ਦੌਰਾਨ ਆਲੇ-ਦੁਆਲੇ ਦੇ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਤੇ ਸੂਚਨਾ ਦੇ ਦਿੱਤੀ। ਮੌਕੇ ’ਤੇ ਪਹੁੰਚੇ ਥਾਣਾ ਸਦਰ ਦੇ ਐੱਸਐੱਚਓ ਅਵਨੀਤ ਕੌਰ ਤੇ ਥਾਣਾ ਦੁੱਗਰੀ ਦੇ ਐੱਸਐੱਚਓ ਪਰਮਵੀਰ ਸਿੰਘ ਨੇ ਤਫਤੀਸ਼ ਸ਼ੁਰੂ ਕੀਤੀ। ਕੁਲਦੀਪ ਸਿੰਘ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਵੀ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਕੁਲਦੀਪ ਸਿੰਘ ਦੇ ਰਿਸ਼ਤੇਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਅਕਾਲੀ ਆਗੂ ਤੇ ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਤਲਵੰਡੀ ਦਾ ਪੀਏ ਸੀ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੁਲਦੀਪ ਵਿਦੇਸ਼ ਚਲਾ ਗਿਆ ਤੇ ਉਸ ਦੇ ਫਾਰਮ ਹਾਊਸ ’ਤੇ ਕੰਮ ਕਰਨ ਵਾਲੇ ਗੁਰਦੇਵ ਸਿੰਘ ਦਾ ਫੋਨ ਆਇਆ ਤੇ ਉਸ ਨੇ ਕਤਲ ਦੀ ਸੂਚਨਾ ਦਿੱਤੀ। ਪਹਿਲਾਂ ਤਾਂ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਨੂੰ ਮਹਿਜ਼ ਹਾਦਸਾ ਸਮਝਿਆ ਪਰ ਜਦ ਉਨ੍ਹਾਂ ਨੇ ਲਾਸ਼ ਦੇਖੀ ਤਾਂ ਪਤਾ ਲੱਗਾ ਕਿ ਕੁਲਦੀਪ ਸਿੰਘ ਦਾ ਕਤਲ ਹੋਇਆ ਹੈ। ਉਧਰੋਂ ਹੀ ਇਸ ਮਾਮਲੇ ’ਚ ਐੱਸਐੱਚਓ ਅਵਨੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਦਾ ਫਾਰਮ ਹਾਊਸ ਘਟਨਾ ਵਾਲੀ ਥਾਂ ਦੇ ਬਿਲਕੁਲ ਲਾਗੇ। ਉਹ ਫਾਰਮ ਹਾਊਸ ਤੋਂ ਆਪਣੇ ਘਰ ਜਾ ਰਿਹਾ ਸੀ। ਕੁਝ ਵਿਅਕਤੀਆਂ ਨੇ ਉਸ ਦੀ ਕਾਰ ਦਾ ਪਿੱਛਾ ਕੀਤਾ ਤੇ ਕਾਰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਬਾਕਸ– ਜਲਦੀ ਹੀ ਕੀਤੇ ਜਾਣਗੇ ਮੁਲਜ਼ਮ ਕਾਬੂ ਉਧਰੋਂ ਇਸ ਮਾਮਲੇ ’ਚ ਏਸੀਪੀ ਸਾਊਥ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲਾ ਹੱਲ ਕਰਨ ਦੇ ਬਿਲਕੁਲ ਨਜ਼ਦੀਕ ਹੈ। ਕਾਰ ਦੇ ਜ਼ਰੀਏ ਹਮਲਾਵਰਾਂ ਦੀ ਸ਼ਨਾਖਤ ਕਰ ਲਈ ਗਈ ਹੈ ਤੇ ਉਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button