
ਮਜੀਠਾ, ,13 ਮਈ- ਹਲਕਾ ਮਜੀਠਾ ਵਿੱਚ ਅੱਜ ਜ਼ਹਿਰੀਲੀ ਸ਼ਰਾਬ ਪੀਣ ਨਾਲ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮੌਕੇ ਤੇ ਇਕੱਤਰ ਹੋਈ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਮਜੀਠਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਦਰਜਨ ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਗਈ, ਜਦਕਿ ਕੁੱਝ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਸ ਨਕਲੀ ਸ਼ਰਾਬ ਦੇ ਰੈਕੇਟ ‘ਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਵੱਡੀ ਕਾਰਵਾਈ ਕੀਤੀ ਹੈ। ਨਕਲੀ ਸ਼ਰਾਬ ਸਪਲਾਈ ਕਰਨ ਦਾ ਮਾਸਟਰਮਾਈਂਡ ਤੇ ਮੁੱਖ ਦੋਸ਼ੀ ਪ੍ਰਭਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐਸਐਸਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਫਆਈਆਰ ਨੰਬਰ 42 ਮਿਤੀ 13/5/25, ਧਾਰਾ 105 ਬੀਐਨਐਸ ਅਤੇ 61ਏ ਆਬਕਾਰੀ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਵਿਚ ਮੁੱਖ ਦੋਸ਼ੀ ਪ੍ਰਭਜੀਤ ਸਿੰਘ ਤੋਂ ਇਲਾਵਾ ਉਸ ਦਾ ਭਰਾ ਕੁਲਬੀਰ ਸਿੰਘ ਉਰਫ ਜੱਗੂ, ਸਾਹਿਬ ਸਿੰਘ ਉਰਫ ਸਰਾਏ, ਵਾਸੀ ਮੜੀ ਕਲਾਂ, ਗੁਰਜੰਟ ਸਿੰਘ, ਨਿੰਦਰ ਕੌਰ ਪਤਨੀ ਜੀਤਾ, ਵਾਸੀ ਥਰੇਨਵਾਲ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ‘ਤੇ ਬੋਲਦਿਆਂ ਐਸਐਸਪੀ ਦਿਹਾਤੀ ਨੇ ਕਿਹਾ ਕਿ ਪੂਰੇ ਨਕਲੀ ਸ਼ਰਾਬ ਨੈੱਟਵਰਕ ਦੀ ਜਾਂਚ ਜਾਰੀ ਹੈ । ਸ਼ਰਾਬ ਮਾਫੀਆ ਨੂੰ ਬਖਸ਼ਿਆ ਨਹੀਂ ਜਾਵੇਗਾ।



