Punjab

ਮਜੀਠਾ ਅੰਮ੍ਰਿਤਸਰ ਮੁੱਖ ਸੜਕ ‘ਤੇ ਵਾਪਰੇ ਹਾਦਸੇ ‘ਚ 2 ਨੌਜਵਾਨਾਂ ਦੀ ਮੌਤ

ਅੰਮ੍ਰਿਤਸਰ, 12 ਅਕਤੂਬਰ : ਅੱਜ ਦੁਪਹਿਰ 12 ਵਜੇ ਦੇ ਕਰੀਬ ਮਜੀਠਾ ਅੰਮ੍ਰਿਤਸਰ ਮੁੱਖ ਸੜਕ ਤੇ ਨਾਗ ਨਵੇ ਪਿੰਡ ਦੇ ਬੱਸ ਅੱਡੇ ਅਤੇ ਪੈਟ੍ਰੋਲ ਪੰਪ ਨੇੜੇ ਤੇਜ਼ ਰਫਤਾਰ ਮਿੰਨੀ ਬੱਸ ਵੱਲੋ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਦਰੜ੍ਹ ਦਿੱਤਾ, ਜਿਸ ਨਾਲ ਦੋਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸੇ ਵਾਲੀ ਥਾਂ ਤੋ ਮਿਲੀ ਜਾਣਕਾਰੀ ਅਨੁਸਾਰ ਦੋ ਨੌਜਵਾਨ ਪ੍ਰਦੀਪ ਕੁਮਾਰ ਉਮਰ ਕਰੀਬ 23 ਸਾਲ ਪੁੱਤਰ ਲਲਨ ਰਾਮ ਅਤੇ ਅਭੀ ਕੁਮਾਰ ਉਮਰ ਕਰੀਬ 24 ਸਾਲ ਪੁੱਤਰ ਮੀਤਾ ਹਾਲ ਵਾਸੀਆਨ ਇੰਦਰਾ ਕਲੋਨੀ ਵੇਰਕਾ ਅਮ੍ਰਿਤਸਰ ਆਪਣੇ ਨਵੇਂ ਸਪਲੈਡਰ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲੋਂ ਮਜੀਠਾ ਨੂੰ ਆ ਰਹੇ ਸਨ ਕਿ ਪਿੰਡ ਨਾਗ ਨਵੇਂ ਦੇ ਬੱਸ ਅੱਡੇ ਨੇੜੇ ਹੀ ਪਿਛੋ ਤੇਜ਼ ਰਫਤਾਰ ਆ ਰਹੀ ਮਿੰਨੀ ਬੱਸ ਵੱਲੋ ਸਾਈਡ ਮਾਰੇ ਜਾਣ ਕਾਰਣ ਦੋਵੇ ਵਿਅਕਤੀ ਸੜਕ ‘ਤੇ ਡਿੱਗ ਪਏ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਾਗ ਨਵੇਂ ਪਿੰਡ ਦੇ ਵਾਸੀਆਂ ਅਤੇ ਵਾਲਮੀਕਨ ਸੁਧਾਰ ਸਭਾ ਦੇ ਸੂਬਾਈ ਆਗੂ ਪ੍ਰਭਜੀਤ ਸਿੰਘ ਨਾਗ ਨਵੇਂ ਨੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਵੇਂ ਅੱਜ ਘਟਨਾਂ ਵੇਲੇ 2 ਮਿੰਨੀ ਬੱਸਾਂ ਅੰਮ੍ਰਿਤਸਰ ਵੱਲੋ ਆ ਰਹੀਆਂ ਸਨ, ਜਿਹੜੀਆਂ ਸਵਾਰੀ ਦੇ ਲਾਲਚ ਵਿੱਚ ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਹੋੜ ਵਿਚ ਸਨ ਅਤੇ ਇਕ ਮਿੰਨੀ ਦੀਪ ਬੱਸ ਵੱਲੋ ਅੰਮ੍ਰਿਤਸਰ ਵੱਲੋਂ ਹੀ ਆਪਣੀ ਸਾਈਡ ‘ਤੇ ਆ ਰਹੇ ਮੋਟਰ ਸਾਈਕਲ ਸਵਾਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ 100 ਫੁੱਟ ਦੇ ਕਰੀਬ ਤੱਕ ਘੜੀਸਦੀ ਚਲੀ ਗਈ, ਜਿਸ ‘ਤੇ ਉਕਤ ਦੋਹਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪ੍ਰਭਜੀਤ ਸਿੰਘ ਅਤੇ ਪਿੰਡ ਵਾਸੀਆਂ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਪਾਸੋ ਮੰਗ ਕੀਤੀ ਕਿ ਇੰਨ੍ਹਾਂ ਤੇਜ਼ ਰਫਤਾਰ ਚਲਦੀਆਂ ਮਿੰਨੀ ਬੱਸਾਂ ਅਤੇ ਹੋਰ ਹੈਵੀ ਵਾਹਨਾਂ ‘ਤੇ ਸਖ਼ਤ ਕਾਰਵਾਈ ਕਰਦੇ ਹੋਏ, ਇੰਨ੍ਹਾਂ ਦੀ ਸਪੀਡ ਨੂੰ ਲਿਮਟ ਵਿਚ ਕਰਾਇਆ ਜਾਵੇ ਕਿਉਂਕਿ ਹਾਦਸੇ ਵਾਲੀ ਥਾਂ ਪਿੰਡ ਨਾਗ ਨਵੇਂ ਦਾ ਬੱਸ ਅੱਡਾ ਹੈ ਅਤੇ ਸੜਕ ਦੇ ਕਿਨਾਰੇ ਹੀ ਪਿੰਡ ਦੇ ਘਰ ਵੱਸੇ ਹਨ, ਜਦੋਂਕਿ ਇਸ ਜਗ੍ਹਾ ‘ਤੇ ਸੜਕ ਵਿਭਾਗ ਨੇ ਹੈਵੀ ਵਾਹਨਾਂ ਦੀ ਸਪੀਡ ਲਿਮਟ 30 ਕਿਲੋਮੀਟਰ ਦੀ ਲਿਖੀ ਹੈ ਪਰ ਇਹ ਹੈਵੀ ਵਾਹਨ ਸਾਰੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਜਾਣ ਬੁੱਝ ਕੇ ਸਵਾਰੀ ਪਹਿਲਾਂ ਲੈਣ ਦੀ ਹੋੜ ਵਿਚ ਆਪਣੇ ਵਾਹਨ ਤੇਜ਼ ਰਫਤਾਰ ਵਿਚ ਲੈ ਕੇ ਜਾਂਦੇ ਹਨ, ਜਿਸ ਨਾਲ ਅਕਸਰ ਹੀ ਸੜਕ ਹਾਦਸੇ ਵਾਪਰਦੇ ਰਹਿਦੇ ਹਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ, ਦੋਵੇਂ ਦਿਹਾੜੀਦਾਰ ਨੌਜਵਾਨ ਵੇਰਕਾ ਵਿਚ ਪ੍ਰਾਈਵੇਟ ਦੁਕਾਨਾਂ ‘ਤੇ ਕੰਮ ਕਰਦੇ ਸਨ। ਮੌਤ ਦੀ ਖ਼ਬਰ ਸੁਣ ਕੇ ਮੌਕੇ ‘ਤੇ ਪੁੱਜੇ ਪਰਿਵਾਰਕ ਮੈਬਰਾਂ ਰੋ-ਰੋ ਬੁਰਾ ਹਾਲ ਹੈ। ਮਜੀਠਾ ਦੀ ਪੁਲਿਸ ਨੂੰ ਇਤਲਾਹ ਮਿਲਣ ‘ਤੇ ਏ.ਐਸ.ਆਈ ਮੇਜ਼ਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਸਨ ਅਤੇ ਲਾਸ਼ਾਂ ਨੂੰ ਕਬਜੇ ਵਿਚ ਲੈ ਅਗਲੇਰੀ ਕਾਰਵਾਈ ਕਰ ਰਹੇ ਹਨ।

Related Articles

Leave a Reply

Your email address will not be published. Required fields are marked *

Back to top button