Punjab

ਭੱਠੇ ਦੀ ਦੀਵਾਰ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ, ਦੋ ਜ਼ਖ਼ਮੀ

ਸ੍ਰੀ ਚਮਕੌਰ ਸਾਹਿਬ, 29 ਅਪ੍ਰੈਲ- ਨਜ਼ਦੀਕੀ ਪਿੰਡ ਗਧਰਾਮ ਵਿਖੇ ਸਥਿਤ ਇੱਕ ਭੱਠੇ ਦੀ ਦੀਵਾਰ ਡਿੱਗ ਜਾਣ ਕਾਰਨ ਭੱਠੇ ਵਿੱਚ ਕੰਮ ਕਰਦੇ ਇੱਕ ਮਜ਼ਦੂਰ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਮਜ਼ਦੂਰ ਜ਼ਖ਼ਮੀ ਹੋ ਗਏ। ਇਸ ਘਟਨਾ ਵਿਚ ਦੋ ਘੋੜੀਆਂ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੜਾ ਗਧਰਾਮ ਵਿਖੇ ਸਥਿਤ ਖੁੱਲਰ ਬ੍ਰਿਕਸ ਕੰਪਨੀ ਦੇ ਭੱਠੇ ਦੀਆਂ ਕੰਧਾਂ ਪੁਰਾਣੀਆਂ ਅਤੇ ਕੰਧਾਂ ਵਿੱਚ ਤਰੇੜਾਂ ਪਈਆਂ ਹੋਣ ਕਾਰਨ ਇਹ ਮੰਦਭਾਗੀ ਘਟਨਾ, ਉਸ ਸਮੇ ਵਾਪਰੀ ਜਦੋਂ ਸਵੇਰੇ 5.30 ਵਜੇ ਦੇ ਕਰੀਬ ਤਰਲੋਚਨ ਸਿੰਘ ਪੁੱਤਰ ਸਰੂਪ ਸਿੰਘ ਪਿੰਡ ਸੋਤਲ ਬਾਬਾ ਆਪਣੀ ਘੋੜੀ ਰੇਹੜੀ ਨਾਲ ਇੱਟਾਂ ਢੋਹ ਰਿਹਾ ਸੀ,ਕਿ ਅਚਾਨਕ ਭੱਠੇ ਦੀ ਦੀਵਾਰ ਡਿੱਗ ਪਈ, ਜਿਸ ਕਾਰਨ ਤਰਲੋਚਨ ਸਿੰਘ ਆਪਣੀ ਘੋੜੀ ਰੇਹੜੀ ਸਮੇਤ ਇਸ ਦੀਵਾਰ ਥੱਲੇ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਸਾਥੀ ਮਜ਼ਦੂਰਾਂ ਵਲੋਂ ਕਾਫੀ ਮੁਸ਼ੱਕਤ ਉਪਰੰਤ ਉਸ ਨੂੰ ਬਾਹਰ ਕੱਢਿਆ ਗਿਆ। ਜਦੋਂ ਕਿ ਉਸ ਦੀ ਘੋੜੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਭੱਠੇ ਦੀ ਦੀਵਾਰ ਡਿੱਗਣ ਕਾਰਨ ਇੱਥੇ ਕੰਮ ਕਰਦੇ ਦੋ ਹੋਰ ਪ੍ਰਵਾਸੀ ਮਜ਼ਦੂਰ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਭੱਠਾ ਮਾਲਕਾਂ ਵਲੋਂ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਜਿੱਥੋਂ ਉਨ੍ਹਾਂ ਨੂੰ ਦਵਾਈ ਅਤੇ ਮੁੱਢਲੀ ਸਹਾਇਤਾ ਦੇਣ ਉਪਰੰਤ ਘਰ ਵਾਪਸ ਭੇਜ ਦਿੱਤਾ ਗਿਆ। ਇਸੇ ਦੌਰਾਨ ਭੱਠੇ ਤੇ ਕੰਮ ਕਰਦੇ ਮਜ਼ਦੂਰਾਂ ਨੇ ਦੱਸਿਆ ਕਿ ਭੱਠਾ ਮਾਲਕਾਂ ਵੱਲੋਂ ਭੱਠੇ ਦੀਆਂ ਕੰਧਾਂ ਜਿਹੜੀਆਂ ਕਿ ਚਾਰ ਇੱਟਾਂ ਦੀਆਂ ਚੌੜੀਆਂ ਹੋਣੀਆਂ ਚਾਹੀਦੀਆਂ ਹਨ ਉਹ ਦੋ ਇੱਟਾਂ ਦੀਆਂ ਹੀ ਚੌੜੀਆਂ ਬਣਾ ਕੇ ਉਨ੍ਹਾਂ ਵਿੱਚ ਇੱਟਾਂ ਦਾ ਕਚਰਾ ਭਰਿਆ ਹੋਇਆ ਸੀ ਅਤੇ ਗਰਮੀ ਪੈਣ ਕਾਰਨ ਜਿਉ ਹੀ ਇਹ ਕਚਰਾ ਗਰਮ ਹੋਇਆ ਤਾਂ ਭੱਠੇ ਦੀਆਂ ਕੰਧਾਂ ਵਿੱਚ ਤਰੇੜਾ ਪੈਣ ਲੱਗ ਪਈਆਂ ਅਤੇ ਅਜਿਹੀ ਹੀ ਇੱਕ ਤਰੇੜਾਂ ਭਰਪੂਰ ਕੰਧ ਡਿੱਗਣ ਕਾਰਨ ਉਨ੍ਹਾਂ ਦੇ ਸਾਥੀ ਤਰਲੋਚਨ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ । ਮਜ਼ਦੂਰਾਂ ਨੇ ਦੱਸਿਆ ਕਿ ਭੱਠਾ ਮਾਲਕਾਂ ਵਲੋਂ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਤੇ ਕਥਿਤ ਤੌਰ ਤੇ ਦਬਾਅ ਪਾਉਣ ਉਪਰੰਤ ਮਮੂਲੀ ਰਾਸ਼ੀ ਦੇਣ ਦਾ ਵਾਅਦਾ ਕਰ ਕੇ ਸਮਝੋਤਾ ਕਰ ਲਿਆ ਗਿਆ ਹੈ, ਜੋ ਉਨ੍ਹਾਂ ਨੂੰ ਮਨਜ਼ੂਰ ਨਹੀ, ਇਨ੍ਹਾਂ ਮਜ਼ਦੂਰਾਂ ਨੇ ਭਵਿੱਖ ਵਿਚ ਇਸ ਭੱਠੇ ਤੇ ਕੰਮ ਕਰਨ ਤੋ ਅਸਮਰੱਥਾ ਜ਼ਾਹਿਰ ਕੀਤੀਭੱਠਾ ਮਾਲਕਾਂ ਵਲੋਂ ਕੀਤੇ ਗਏ ਸਮਝੋਤੇ ਨੂੰ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਵੀ ਰੱਦ ਕਰਨ ਦੀਆਂ ਵੀ ਖਬਰਾਂ ਹਨ। ਇਸ ਹਾਦਸੇ ਸਬੰਧੀ ਸੰਪਰਕ ਕਰਨ ਤੇ ਭੱਠਾ ਮਾਲਕ ਯਸਪਾਲ ਗੁਪਤਾ ਨੇ ਦੱਸਿਆ ਕਿ ਇਸ ਹਾਦਸੇ ਵਿਚ ਮ੍ਰਿਤਕ ਤਰਲੋਚਨ ਸਿੰਘ ਦੇ ਪਰਿਵਾਰ ਨਾਲ ਸਮਝੋਤਾ ਹੋ ਚੁੱਕਾ ਹੈ ਅਤੇ ਜ਼ਖਮੀ ਮਜ਼ਦੂਰਾਂ ਦਾ ਇਲਾਜ ਉਹ ਖੁਦ ਕਰਵਾਉਣਗੇਉੱਧਰ ਇਸ ਹਾਦਸੇ ਸਬੰਧੀ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਐੰਸਡੀਐੱਮ ਸਾਹਿਬ ਵਲੋਂ ਮ੍ਰਿਤਕ ਮਜ਼ਦੂਰ ਤਰਲੋਚਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਆਗਿਆ ਦੇਣ ਉਪਰੰਤ ਧਾਰਾ 174 ਦੀ ਕਾਰਵਾਈ ਕਰਦਿਆ ਬਿਨ੍ਹਾਂ ਪੋਸਟਮਾਰਟਮ ਤੋ ਮ੍ਰਿਤਕ ਦੀ ਲਾਸ਼ ਸੰਸਕਾਰ ਲਈ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button