
ਲਹਿਰਾਗਾਗਾ, 6 ਅਗਸਤ : ਥਾਣਾ ਲਹਿਰਾ ਦੀ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ 2 ਵੱਖ-ਵੱਖ ਮੁਕਦਮਿਆਂ ਰਾਹੀਂ ਭੁੱਕੀ ਚੂਰਾ ਪੋਸਤ ਤੇ ਸੈਂਕੜੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਥਾਣਾ ਸਦਰ ਮੁਖੀ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਵੀਰ ਸਿੰਘ ਸਮੇਤ ਸਹਾਇਕ ਥਾਣੇਦਾਰ ਅਜੀਤਪਾਲ ਸਿੰਘ ਤੇ ਸਿਪਾਹੀ ਮਨਜਿੰਦਰ ਸਿੰਘ ਸਮੇਤ ਗਸ਼ਤ ਤੇ ਚੈਕਿੰਗ ਸਬੰਧੀ ਲੇਹਲ ਖੁਰਦ ਕੈਂਚੀਆਂ ਵਿਖੇ ਮੌਜੂਦ ਸਨ। ਸ਼ਾਮ 5 ਵਜੇ ਦੇ ਕਰੀਬ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਵਾਸੀ ਲੇਹਲ ਖੁਰਦ ਜੋ ਨਸ਼ੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ। ਇਹ ਨਸ਼ੀਲੀਆਂ ਗੋਲੀਆਂ ਗੁਰਦਾਸ ਸਿੰਘ ਵਾਸੀ ਲੇਹਲ ਕਲਾਂ, ਥਾਣਾ ਲਹਿਰਾ ਪਾਸੋਂ ਖ਼ਰੀਦ ਕੇ ਆਪਣੇ ਗਾਹਕਾਂ ਨੂੰ ਵੇਚਦਾ ਹੈ। ਅੱਜ ਵੀ ਗੁਰਦਾਸ ਸਿੰਘ ਲੇਹਲ ਕਲਾਂ ਰੋਡ ਨੇੜੇ ਸੂਏ ਵਾਲੀ ਪੁਲੀ ਪਾਸ ਲਵਪ੍ਰੀਤ ਸਿੰਘ ਨੂੰ ਨਸ਼ੀਲੀਆਂ ਗੋਲੀਆਂ ਦੇਣ ਆ ਰਿਹਾ ਹੈ। ਇਤਲਾਹ ਭਰੋਸੇਯੋਗ ਹੋਣ ਤੇ ਥਾਣਾ ਲਹਿਰਾ ਵਿਖੇ ਰੁੱਕਾ ਭੇਜ ਕੇ ਪਰਚਾ ਦਰਜ਼ ਕਰਵਾਇਆ ਗਿਆ। ਉਕਤ ਦੋਸ਼ੀਆਂ ਨੂੰ ਕਾਬੂ ਕਰਦਿਆਂ ਉਨਾਂ ਪਾਸੋਂ 160 ਨਸ਼ੀਲੀਆਂ ਗੋਲੀਆਂ ਬਰਾਮਦ ਕਰਦਿਆਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੂਜੇ ਮੁਕੱਦਮੇ ਰਾਹੀਂ ਸਹਾਇਕ ਥਾਣੇਦਾਰ ਰਾਮੇਸ਼ਵਰ ਦਾਸ ਅਤੇ ਹਰਬੰਸ ਸਿੰਘ,ਹੌਲਦਾਰ ਸੰਦੀਪ ਸਿੰਘ ਚੈਕਿੰਗ ਅਤੇ ਗਸ਼ਤ ਸਬੰਧੀ ਲਹਿਰਾ ਤੋਂ ਪਿੰਡ ਜਵਾਹਰਵਾਲਾ ਨੂੰ ਜਾ ਰਹੇ ਸਨ। ਦੇਰ ਸ਼ਾਮ 8 ਵਜੇ ਦੇ ਕਰੀਬ ਜਦੋਂ ਪੁਲਿਸ ਪਾਰਟੀ ਡਰੇਨ ਬਾਹੱਦ ਲਹਿਰਾ ਪਹੁੰਚੀ ਤਾਂ ਇੱਕ ਵਿਅਕਤੀ ਆਪਣੇ ਸੱਜੇ ਹੱਥ ਵਿੱਚ ਵਜਨਦਾਰ ਲਿਫਾਫਾ ਫੜੀ ਆ ਰਿਹਾ ਸੀ। ਜਿਸ ਨੂੰ ਸ਼ੱਕ ਦੀ ਬਿਨਾਂਹ ਤੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਹਰਪਾਲ ਸਿੰਘ ਉਰਫ ਸ਼ੰਭੂ ਵਾਸੀ ਲਹਿਲ ਕਲਾਂ, ਥਾਣਾ ਲਹਿਰਾ ਦੱਸਿਆ। ਉਕਤ ਵਿਅਕਤੀ ਪਾਸੋਂ ਆਪਣੇ ਕਬਜ਼ੇ ਵਿੱਚੋਂ ਥੱਲੇ ਸੁੱਟੇ ਲਿਫਾਫੇ ਦਾ ਮੂੰਹ ਖੁੱਲਾ ਹੋਣ ਕਰਕੇ ਭੁੱਕੀ ਡੋਡੇ ਸਾਫ ਦਿਖਾਈ ਦੇ ਰਹੇ ਸਨ। ਜਦੋਂ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ ਇੱਕ ਕਿਲੋ 600 ਗ੍ਰਾਮ ਡੋਡੇ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਜਿਸ ਦੇ ਚਲਦਿਆਂ ਦੋਸ਼ੀ ਨੂੰ ਭੁੱਕੀ ਚੂਰਾ ਸਮੇਤ ਕਾਬੂ ਕਰਕੇ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ਼ ਕਰਦਿਆਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।



