
ਨਵੀਂ ਦਿੱਲੀ, 23 ਮਾਰਚ-ਰਾਜਸਥਾਨ ਦੇ ਭੀਲਵਾੜਾ ਵਿੱਚ ਇੱਕ ਵਿਲੱਖਣ ਪਰੰਪਰਾ ਸਾਲਾਂ ਤੋਂ ਚੱਲੀ ਆ ਰਹੀ ਹੈ, ਜਿਸ ਵਿੱਚ ਇੱਕ ਜ਼ਿੰਦਾ ਵਿਅਕਤੀ ਨੂੰ ਇੱਕ ਅਰਥੀ ‘ਤੇ ਲਿਟਾਇਆਂ ਜਾਂਦੈ ਤੇ ਫਿਰ ਉਸਦੀ ਅੰਤਿਮ ਯਾਤਰਾ ਸ਼ਹਿਰ ਭਰ ਵਿੱਚ ਵਾਜੇ ਗਾਜੇ ਨਾਲ ਕੱਢੀ ਜਾਂਦੀ ਹੈ। ਇਸ ਤੋਂ ਬਾਅਦ ਸੰਸਕਾਰ ਲਈ ਇੱਕ ਥਾਂ ‘ਤੇ ਲੈ ਕੇ ਜਾਇਆ ਜਾਂਦੈ। ਹਾਲਾਂਕਿ ਸੰਸਕਾਰ ਕਰਨ ਤੋਂ ਪਹਿਲਾਂ ਅਰਥੀ ‘ਤੇ ਪਿਆ ਵਿਅਕਤੀ ਛਾਲ ਮਾਰ ਕੇ ਭੱਜ ਜਾਂਦਾ ਹੈ। ਇਹ ਪਰੰਪਰਾ ਪਿਛਲੇ 427 ਸਾਲਾਂ ਤੋਂ ਭੀਲਵਾੜਾ ਵਿੱਚ ਸ਼ੀਤਲਾ ਸਪਤਮੀ ‘ਤੇ ਚਲਾਈ ਜਾ ਰਹੀ ਹੈ। ਇਸ ਪਰੰਪਰਾ ਨੂੰ ਇਲਾਜੀ ਦਾ ਡੋਲਕਾ ਕਿਹਾ ਜਾਂਦਾ ਹੈ। ਇਹ ਅੰਤਿਮ ਯਾਤਰਾ ਹੋਲੀ ਤੋਂ ਸੱਤ ਦਿਨ ਬਾਅਦ ਕੱਢੀ ਜਾਂਦੀ ਹੈ। ਇਹ ਅੰਤਿਮ ਯਾਤਰਾ ਸ਼ਹਿਰ ਦੇ ਚਿਤੌੜ ਲੋਕਾਂ ਦੀ ਹਵੇਲੀ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਇੱਕ ਜ਼ਿੰਦਾ ਵਿਅਕਤੀ ਨੂੰ ਅਰਥੀ ‘ਤੇ ਲਿਟਾਇਆ ਜਾਂਦਾ ਹੈ ਅਤੇ ਫਿਰ ਢੋਲ, ਸੰਗੀਤ ਤੇ ਰੰਗ ਸੁੱਟ ਕੇ ਅੰਤਿਮ ਯਾਤਰਾ ਕੱਢੀ ਜਾਂਦੀ ਹੈ। ਇਸ ਅੰਤਿਮ ਯਾਤਰਾ ਵਿੱਚ ਹਿੱਸਾ ਲੈਣ ਲਈ ਨਾ ਸਿਰਫ਼ ਭੀਲਵਾੜਾ ਤੋਂ ਸਗੋਂ ਆਲੇ-ਦੁਆਲੇ ਦੇ ਜ਼ਿਲ੍ਹਿਆਂ ਤੋਂ ਵੀ ਲੋਕ ਆਉਂਦੇ ਹਨ।
ਔਰਤਾਂ ਦੇ ਦਾਖਲੇ ‘ਤੇ ਪਾਬੰਦੀ
ਅੰਤਿਮ ਯਾਤਰਾ ਦੌਰਾਨ ਕਈ ਤਰ੍ਹਾਂ ਦੀਆਂ ਭੱਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ਜਿਸ ਕਾਰਨ ਇਸ ਯਾਤਰਾ ਵਿੱਚ ਔਰਤਾਂ ਦੇ ਦਾਖਲੇ ਦੀ ਮਨਾਹੀ ਹੈ। ਇਸ ਅਰਥੀ ਦੀ ਅੰਤਿਮ ਕਿਰਿਆ ਸ਼ਹਿਰ ਦੇ ਵੱਡੇ ਮੰਦਰ ਦੇ ਪਿੱਛੇ ਕੀਤੀ ਜਾਂਦੀ ਹੈ। ਇੱਥੇ ਪਹੁੰਚਣ ‘ਤੇ ਮੁਰਦਾ ਛਾਲ ਮਾਰ ਕੇ ਭੱਜ ਜਾਂਦਾ ਹੈ। ਇਸ ਅੰਤਿਮ ਯਾਤਰਾ ਦੇ ਪਿੱਛੇ ਵਿਸ਼ਵਾਸ ਇਹ ਹੈ ਕਿ ਜੋ ਕੋਈ ਵੀ ਇਸ ਯਾਤਰਾ ਵਿੱਚ ਹਿੱਸਾ ਲੈਂਦਾ ਹੈ, ਉਹ ਆਪਣੇ ਅੰਦਰ ਛੁਪੀਆਂ ਬੁਰਾਈਆਂ ਤੇ ਗੁੱਸੇ ਨੂੰ ਬਾਹਰ ਲਿਆਉਂਦਾ ਹੈ ਅਤੇ ਇੱਕ ਨਵੀਂ ਸ਼ੁਰੂਆਤ ਕਰਦਾ ਹੈ। ਹਰ ਸਾਲ ਜ਼ਿੰਦਾ ਮੁਰਦਿਆਂ ਦੇ ਅੰਤਿਮ ਸੰਸਕਾਰ ਵਿੱਚ ਕੋਈ ਨਿਸ਼ਚਿਤ ਵਿਅਕਤੀ ਨਹੀਂ ਹੁੰਦਾ। ਹਰ ਸਾਲ ਵਿਅਕਤੀ ਬਦਲਦੇ ਰਹਿੰਦੇ ਹਨ। ਲਾਸ਼ ਬਣਨ ਦਾ ਕੰਮ ਔਖਾ ਹੈ, ਕਿਉਂਕਿ ਬਹੁਤ ਕੁਝ ਸਹਿਣਾ ਪੈਂਦਾ ਹੈ। ਸਫ਼ਰ ਦੌਰਾਨ, ਮ੍ਰਿਤਕ ਵਿਅਕਤੀ ਤੰਗ ਆ ਕੇ ਕਿਸੇ ਵੀ ਸਮੇਂ ਅਰਥੀ ਤੋਂ ਉੱਠ ਕੇ ਭੱਜ ਸਕਦਾ ਹੈ। ਉਸਦੀ ਜਗ੍ਹਾ ਇੱਕ ਪੁਤਲਾ ਰੱਖਿਆ ਜਾਂਦਾ ਹੈ ਅਤੇ ਫਿਰ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ।



