Punjab

ਭੀਖ ਮੰਗਣ ਵਾਲੇ ਬੱਚੇ ਕਿਤੇ ਚੋਰੀ ਦੇ ਤਾਂ ਨਹੀਂ, ਡੀਐੱਨਏ ਟੈਸਟ ਕਰਵਾਏਗੀ ਸਰਕਾਰ; ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 17 ਜੁਲਾਈ : ਵੱਡੇ ਸ਼ਹਿਰਾਂ ਦੇ ਚੌਕਾਂ ’ਤੇ ਭੀਖ ਮੰਗਣ ਵਾਲੀਆਂ ਔਰਤਾਂ ਦੀ ਗੋਦ ਵਿਚ ਛੋਟੇ ਬੱਚਿਆਂ ਨੂੰ ਅਕਸਰ ਅਸੀਂ ਉਨ੍ਹਾਂ ਦੀ ਮਾਸੂਮੀਅਤ ਨੂੰ ਦੇਖਦੇ ਹੋਏ ਕੁਝ ਨਾ ਕੁਝ ਦੇ ਦਿੰਦੇ ਹਾਂ। ਸ਼ਾਇਦ ਆਪਣੇ ਵਲੋਂ ਅਸੀਂ ਉਨ੍ਹਾਂ ਦਾ ਭਲਾ ਕਰਨ ਦੀ ਸੋਚ ਰਹੇ ਹੁੰਦੇ ਹਾਂ, ਪਰ ਸਾਡਾ ਇਹ ਚੰਗਾ ਕੰਮ ਬੱਚਿਆਂ ਦੀ ਤਸਕਰੀ ਨੂੰ ਤਾਂ ਨਹੀਂ ਵਧਾ ਰਿਹਾ। ਇਹ ਸੱਚ ਜਾਂਚਣ ਲਈ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਭੀਖ ਲਈ ਲਿਜਾਏ ਜਾਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਡੀਐੱਨਏ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧ ’ਚ ਸਾਰੇ ਡਿਪਟੀ ਕਮਿਸ਼ਨਰਾਂ ਨੂੰ ‘ਆਪ੍ਰੇਸ਼ਨ ਜੀਵਨ ਜੋਤ’ ਦੇ ਤਹਿਤ ਅਜਿਹੇ ਬੱਚਿਆਂ ਦਾ ਪਤਾ ਲਗਾਉਣ ਲਈ ਕਿਹਾ ਗਿਆ ਹੈ ਜਿਨ੍ਹਾਂ ’ਤੇ ਵਿਭਾਗੀ ਅਧਿਕਾਰੀਆਂ ਨੂੰ ਸ਼ੱਕ ਹੈ। ਡੀਐੱਨਏ ਟੈਸਟ ਕਰਵਾਉਣ ਦਾ ਇਹ ਵਿਚਾਰ ਉਸ ਸਮੇਂ ਆਇਆ ਜਦੋਂ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਇਕ ਬੈਠਕ ’ਚ ਮੰਤਰੀ ਬਲਜੀਤ ਕੌਰ ਨੂੰ ਵਿਭਾਗ ਦੀ ਐਡੀਸ਼ਨਲ ਚੀਫ ਸਕੱਤਰ ਰਾਜੀ ਪੀ ਸ਼੍ਰੀਵਾਸਤਵ ਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਕਈ ਮਾਮਲਿਆਂ ’ਚ ਦੇਖਣ ਨੂੰ ਆਇਆ ਹੈ ਕਿ ਅਸੀਂ ਭੀਖ ਮੰਗਣ ਵਾਲੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਤਾਵਾਂ ਦੀ ਗੋਦ ’ਚ ਦੇਖ ਕੇ ਮਾਤਾਵਾਂ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਉਨ੍ਹਾਂ ਨੇ ਮੁੜ ਭੀਖ ਮੰਗਵਾਈ ਤਾਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ ਪਰ ਮਾਤਾਵਾਂ ਕਿਸੇ ਹੋਰ ਚੌਕ ਜਾਂ ਹੋਰ ਸ਼ਹਿਰ ’ਚ ਉਨ੍ਹਾਂ ਬੱਚਿਆਂ ਤੋਂ ਉਹੀ ਕੰਮ ਕਰਵਾਉਣ ਲਗਦੀਆਂ ਹਨ। ਇਸ ਤਰ੍ਹਾਂ ਦਾ ਮਾਮਲਾ ਸਭ ਤੋਂ ਪਹਿਲਾਂ ਬਠਿੰਡਾ ’ਚ ਸਾਹਮਣੇ ਆਇਆ ਸੀ ਜਿੱਥੇ ਅੱਠ ਬੱਚਿਆਂ ਨੂੰ ਬਚਾਇਆ ਗਿਆ ਸੀ। ਹੁਣ ਅਜਿਹੇ ਬੱਚਿਆਂ ਦਾ ਡੀਐੱਨਏ ਟੈਸਟ ਕਰਵਾ ਕੇ ਅਸੀਂ ਬੱਚਿਆਂ ਦੇ ਅਸਲ ਮਾਂ-ਬਾਪ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਾਂਗੇ।

ਡੀਐੱਨਏ ਟੈਸਟ ਫੇਲ੍ਹ ਹੋਇਆ ਤਾਂ ਮਾਤਾ-ਪਿਤਾ ’ਤੇ ਹੋਵੇਗਾ ਮਨੁੱਖੀ ਤਸਕਰੀ ਦਾ ਕੇਸ

ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਇਨ੍ਹਾਂ ’ਚੋਂ ਕਈ ਅਜਿਹੇ ਬੱਚੇ ਵੀ ਮਿਲ ਜਾਂਦੇ ਹਨ ਜਿਨ੍ਹਾਂ ਦੀ ਆਪਣੇ ਮਾਤਾ-ਪਿਤਾ ਨਾਲ ਸ਼ਕਲ ਨਹੀਂ ਮਿਲਦੀ। ਇਹ ਸਾਡੇ ਲਈ ਸ਼ੱਕ ਕਰਨ ਲਈ ਕਾਫ਼ੀ ਹੈ ਕਿ ਕਿਤੇ ਇਹ ਬੱਚੇ ਤਸਕਰੀ ਕਰ ਕੇ ਤਾਂ ਨਹੀਂ ਲਿਆਂਦੇ ਗਏ। ਇਸ ਲਈ ਅਸੀਂ ਅਜਿਹੇ ਬੱਚਿਆਂ ਦਾ ਡੀਐੱਨਏ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਜੇਕਰ ਟੈਸਟ ਸਫ਼ਲ ਰਿਹਾ ਤਾਂ ਬੱਚਾ ਮਾਤਾ-ਪਿਤਾ ਨੂੰ ਵਾਪਸ ਕਰ ਦਿੱਤਾ ਜਾਵੇਗਾ ਤੇ ਜੇਕਰ ਅਜਿਹਾ ਨਹੀਂ ਹੋਇਆ ਤਾਂ ਮਾਤਾ-ਪਿਤਾ ਦੇ ਖ਼ਿਲਾਫ਼ ਮਨੁੱਖੀ ਤਸਕਰੀ ਦਾ ਕੇਸ ਦਰਜ ਕਰਵਾਇਆ ਜਾਵੇਗਾ। ਇਕ ਹੋਰ ਵਿਭਾਗੀ ਅਧਿਕਾਰੀ ਨੇ ਕਿਹਾ ਕਿ ਛੋਟੀਆਂ ਲੜਕੀਆਂ ਦੇ ਮਾਮਲਿਆਂ ਨੂੰ ਅਤਿ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਡੀਐੱਨਏ ਟੈਸਟ ਫੇਲ੍ਹ ਹੋਣ ’ਤੇ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਲਈ ਅਡਾਪਸ਼ਨ ਕਮੇਟੀਆਂ ਨੂੰ ਸੌਂਪਿਆ ਜਾਵੇਗਾ । ਡੀਐੱਨਏ ਟੈਸਟ ਫੇਲ੍ਹ ਹੋਣ ’ਤੇ ਬੱਚਿਆਂ ਦੀ ਚੰਗੀ ਪਰਵਰਿਸ਼ ਲਈ ਅਡਾਪਸ਼ਨ ਕਮੇਟੀਆਂ ਨੂੰ ਸੌਂਪਿਆ ਜਾਵੇਗਾ ਤਾਂ ਜੋ ਇਨ੍ਹਾਂ ਦੀ ਜ਼ਿੰਦਗੀ ਖ਼ਰਾਬ ਨਾ ਹੋਵੇ। ਸੈਂਟਰਲ ਅਡਾਪਸ਼ਨ ਰਿਸੋਰਸ ਏਜੰਸੀ ਦਾ ਦਫ਼ਤਰ ਹਰ ਜ਼ਿਲ੍ਹੇ ’ਚ ਹੈ ਜਿੱਥੇ ਛੋਟੇ ਬੱਚਿਆਂ ਨੂੰ ਗੋਦ ਲੈਣ ਦੀ ਲੰਬੀ ਵੇਟਿੰਗ ਲਿਸਟ ਹੈ ਪਰ ਛੋਟੇ ਬੱਚੇ ਨਹੀਂ ਮਿਲ ਰਹੇ, ਜਦਕਿ ਦੂਜੇ ਪਾਸੇ ਅਜਿਹੇ ਕੇਸ ਆ ਰਹੇ ਹਨ ਜਿਨ੍ਹਾਂ ’ਚ ਬੱਚਿਆਂ ਤੋਂ ਜ਼ਬਰਦਸਤੀ ਭੀਖ ਮੰਗਵਾਈ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button