Punjab

ਭਿੱਖੀਵਿੰਡ ਦੇ ਮੈਡੀਕਲ ਸਟੋਰ ‘ਤੇ ਅਣਪਛਾਤਿਆਂ ਨੇ ਚਲਾਈਆਂ ਠਾਹ-ਠਾਹ ਗੋਲੀਆਂ

ਤਰਨਤਾਰਨ , 4 ਜੂਨ : ਕਸਬਾ ਭਿੱਖੀਵਿੰਡ ਵਿਖੇ ਇਕ ਮੈਡੀਕਲ ਸਟੋਰ ‘ਤੇ ਰਾਤ ਸਮੇਂ ਅਣਪਛਾਤਿਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ ਡੇਢ ਮਹੀਨਾ ਪਹਿਲਾਂ ਮੈਡੀਕਲ ਸਟੋਰ ਸੰਚਾਲਕ ਦੇ ਰਿਸ਼ਤੇਦਾਰ ਦੀ ਝਬਾਲ ਸਥਿਤ ਕੱਪੜੇ ਦੀ ਦੁਕਾਨ ’ਤੇ ਵੀ ਫਾਇਰਿੰਗ ਹੋਈ ਸੀ। ਭਿੱਖੀਵਿੰਡ ਵਾਸੀ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਰਾਤ ਕਰੀਬ 8 ਵਜੇ ਉਹ ਆਪਣਾ ਮੈਡੀਕਲ ਸਟੋਰ ਬੰਦ ਕਰਕੇ ਘਰ ਚਲਾ ਗਿਆ। ਕਰੀਬ 9.30 ਵਜੇ ਅਣਪਛਾਤਿਆਂ ਵਿਅਕਤੀਆਂ ਨੇ ਉਸ ਦੇ ਮੈਡੀਕਲ ਸਟੋਰ ਦੇ ਸ਼ਟਰ ‘ਤੇ ਗੋਲੀਆਂ ਮਾਰੀਆਂ। ਨਿੱਜੀ ਹਸਪਤਾਲ ਦੇ ਚੌਂਕੀਦਾਰ ਵੱਲੋਂ ਸੂਚਨਾ ਮਿਲਣ ’ਤੇ ਉਹ ਰਾਤ 10 ਵਜੇ ਸਟੋਰ ’ਤੇ ਪੁੱਜੇ ਤਾਂ ਸ਼ਟਰ ’ਤੇ ਗੋਲੀਆਂ ਦੇ ਪੰਜ ਨਿਸ਼ਾਨ ਦਿਖਾਈ ਦਿੱਤੇ। ਉਸ ਨੇ ਸ਼ਿਕਾਇਤ ਵਿਚ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਉਸ ਦੇ ਸਾਲੇ ਦੇ ਪਿੰਡ ਠੱਠਾ ਝਬਾਲ ਵਿਖੇ ਸਥਿਤ ਕੱਪੜੇ ਦੇ ਸ਼ੋਅ ਰੂਮ ’ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਉਨ੍ਹਾਂ ਨੇ ਉਸੇ ਦਿਨ ਤੋਂ ਹੀ ਆਪਣੀ ਦੁਕਾਨ ਬੰਦ ਕਰ ਦਿੱਤੀ ਹੈ। ਹੋ ਸਕਦਾ ਹੈ ਕਿ ਉਸੇ ਵਜ੍ਹਾ ਕਰਕੇ ਮੇਰੀ ਦੁਕਾਨ ’ਤੇ ਵੀ ਗੋਲੀਆਂ ਚਲਾਈਆਂ ਗਈਆਂ ਹੋਣ। ਮੌਕੇ ’ਤੇ ਪੁੱਜੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਮੌਕੇ ਤੋਂ 30 ਬੋਰ ਦੇ ਚਾਰ ਖੋਲ੍ਹ ਵੀ ਬਰਾਮਦ ਕੀਤੇ ਹਨ। ਇਸ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਜਤਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button