Punjab

ਭਿਖਾਰੀਆਂ ਦੇ ਡੀਐੱਨਏ ਟੈਸਟਾਂ ਦੇ ਸਾਰਥਕ ਨਤੀਜੇ ਆਉਣੇ ਸ਼ੁਰੂ

ਐੱਸਏਐੱਸ ਨਗਰ, 22 ਜੁਲਾਈ : ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਭੀਖ ਮੰਗਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਡੀਐੱਨਏ ਟੈਸਟ ਕਰਵਾਉਣ ਦਾ ਐਲਾਨ ਇਕ ਸਾਰਥਕ ਕਦਮ ਸਾਬਤ ਹੋ ਰਿਹਾ ਹੈ। ਇਸ ਨੀਤੀ ਦੇ ਚੱਲਦਿਆਂ ਚੌਕਾਂ ਅਤੇ ਬਾਜ਼ਾਰਾਂ ਵਿਚੋਂ ਭੀਖ ਮੰਗਣ ਵਾਲੇ ਭਿਖਾਰੀ ਰਾਤੋ-ਰਾਤ ਗਾਇਬ ਹੋਣੇ ਸ਼ੁਰੂ ਹੋ ਗਏ ਹਨ, ਜੋ ਸਰਕਾਰ ਦੀ ਪਾਲਸੀ ਦੀ ਕਾਮਯਾਬੀ ਦਾ ਸੰਕੇਤ ਹੈ। ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਡੀਐੱਨਏ ਟੈਸਟ ਨਾਲ ਇਹ ਪਤਾ ਲੱਗ ਸਕੇਗਾ ਕਿ ਭੀਖ ਮੰਗਣ ਵਾਲੇ ਬੱਚੇ ਉਨ੍ਹਾਂ ਦੇ ਆਪਣੇ ਹਨ ਜਾਂ ਕਿਸੇ ਥਾਂ ਤੋਂ ਅਗਵਾ ਕੀਤੇ ਹੋਏ ਹਨ। ਇਹ ਕਾਰਵਾਈ ਪ੍ਰਾਜੈਕਟ ਜੀਵਨਜੋਤ ਤਹਿਤ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਇਹ ਪ੍ਰਕਿਰਿਆ ਸ਼ੁਰੂ ਵੀ ਹੋ ਗਈ ਹੈ। ਬੱਚਿਆਂ ਦੇ ਭਵਿੱਖ ਲਈ ਉਪਰਾਲਾ : ਪੰਜਾਬ ਦੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਹੈ ਕਿ ਭੀਖ ਮੰਗਣ ਵਾਲੇ ਬੱਚਿਆਂ ਦੇ ਡੀਐੱਨਏ ਟੈਸਟ ਕਰਵਾ ਕੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ। ਇਸ ਨਾਲ ਉਨ੍ਹਾਂ ਦੀ ਸਿੱਖਿਆ, ਸਿਹਤ ਅਤੇ ਉਜਵਲ ਭਵਿੱਖ ਲਈ ਕੰਮ ਕੀਤਾ ਜਾਵੇਗਾ। ਅਗਵਾ ਬੱਚਿਆਂ ਨੂੰ ਰਾਹਤ ਤੇ ਮਾਪਿਆਂ ਲਈ ਉਮੀਦ : ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਕਾਰਵਾਈ ਨਾਲ ਉਨ੍ਹਾਂ ਬੱਚਿਆਂ ਨੂੰ ਰਾਹਤ ਮਿਲਣ ਦੀ ਉਮੀਦ ਬਣੀ ਹੈ, ਜਿਨ੍ਹਾਂ ਨੂੰ ਮੰਗਤਿਆਂ ਜਾਂ ਬੱਚਾ ਚੋਰ ਗਰੋਹਾਂ ਦੁਆਰਾ ਅਗਵਾ ਕਰਕੇ ਭੀਖ ਮੰਗਵਾਈ ਜਾ ਰਹੀ ਹੈ। ਹੁਣ ਉਨ੍ਹਾਂ ਮਾਪਿਆਂ ਨੂੰ ਵੀ ਆਪਣੇ ਬੱਚੇ ਮਿਲਣ ਦੀ ਆਸ ਬੱਝ ਗਈ ਹੈ, ਜਿਨ੍ਹਾਂ ਦੇ ਬੱਚੇ ਪਿਛਲੇ ਸਮੇਂ ਦੌਰਾਨ ਗੁੰਮ ਹੋ ਚੁੱਕੇ ਹਨ। ਪੰਜਾਬ ਪ੍ਰੀਵੈਨਸ਼ਨ ਆਫ਼ ਬੈਗਰੀ ਐਕਟ, 1971 ਦੀ ਸਥਿਤੀ : ਪੰਜਾਬ ਵਿਚ ਭੀਖ ਮੰਗਣ ਤੇ ਪਾਬੰਦੀ ਲੱਗੀ ਹੋਈ ਹੈ, ਕਿਉਂਕਿ ਪੰਜਾਬ ਪ੍ਰੀਵੈਨਸ਼ਨ ਆਫ਼ ਬੈਗਰੀ ਐਕਟ 1971 ਵਿਚ ਬਣਾਇਆ ਗਿਆ ਸੀ ਪ੍ਰੰਤੂ ਇਹ ਕਾਨੂੰਨ ਅਕਸਰ ਕਾਗ਼ਜ਼ੀ ਕਾਰਵਾਈ ਬਣ ਕੇ ਰਹਿ ਜਾਂਦਾ ਸੀ ਅਤੇ ਜ਼ਮੀਨੀ ਪੱਧਰ ਤੇ ਪੂਰੀ ਤਰ੍ਹਾਂ ਬੇਅਸਰ ਸਾਬਤ ਹੋਇਆ ਸੀ। ਪੰਜਾਬ ਵਿਚ ਪਿਛਲੇ ਕੁਝ ਸਾਲਾ ਤੋਂ ਭਿਖਾਰੀਆਂ ਦੀ ਗਿਣਤੀ ਬਹੁਤ ਵੱਧ ਗਈ ਸੀ, ਖ਼ਾਸ ਕਰਕੇ ਜਦੋਂ ਤੋਂ ਚੰਡੀਗੜ੍ਹ ਵਿਚ ਭਿਖਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਸੀ, ਉਦੋਂ ਤੋਂ ਮੁਹਾਲੀ ਅਤੇ ਹੋਰਨਾਂ ਸ਼ਹਿਰਾਂ ਵਿਚ ਇਨ੍ਹਾਂ ਦੀ ਗਿਣਤੀ ਵਿਚ ਭਾਰੀ ਵਾਧਾ ਦੇਖਿਆ ਗਿਆ। ਛੋਟੇ ਬੱਚੇ ਵੀ ਵੱਡੀ ਗਿਣਤੀ ਵਿਚ ਭੀਖ ਮੰਗਦੇ ਨਜ਼ਰ ਆਉਂਦੇ ਸਨ। ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ : ਆਮ ਲੋਕਾਂ ਨੂੰ ਭੀਖ ਮੰਗਣ ਵਾਲੇ ਬੱਚਿਆਂ ਅਤੇ ਵੱਡਿਆਂ ਤੋਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਮਾਰਕਿਟਾਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ, ਧਾਰਮਿਕ ਸਥਾਨਾਂ ਅਤੇ ਘਰਾਂ ਦੇ ਬਾਹਰ ਇਹ ਲੋਕ ਭੀਖ ਮੰਗ ਕੇ ਪ੍ਰੇਸ਼ਾਨ ਕਰਦੇ ਸਨ। ਕਈ ਵਾਰ ਇਹ ਬੱਚੇ ਲੋਕਾਂ ਦੇ ਕੱਪੜੇ ਖ਼ਰਾਬ ਕਰਨ ਦੀ ਕੋਸ਼ਿਸ਼ ਵੀ ਕਰਦੇ ਸਨ। ਇਸ ਤੋਂ ਇਲਾਵਾ, ਕਈ ਚੋਰ ਕਿਸਮ ਦੇ ਵਿਅਕਤੀ ਵੀ ਭਿਖਾਰੀਆਂ ਦੇ ਭੇਸ ਵਿਚ ਸ਼ਹਿਰਾਂ ਦੀਆਂ ਗਲੀਆਂ ਵਿਚ ਰੇਕੀ ਕਰਦੇ ਸਨ ਅਤੇ ਰਾਤ ਸਮੇਂ ਖਾਲੀ ਘਰਾਂ ਵਿਚ ਚੋਰੀ ਨੂੰ ਅੰਜਾਮ ਦਿੰਦੇ ਸਨ। ਖਾਣ-ਪੀਣ ਦੀਆਂ ਦੁਕਾਨਾਂ ਅੱਗੇ ਵੀ ਇਨ੍ਹਾਂ ਦੀ ਭਰਮਾਰ ਹੁੰਦੀ ਸੀ, ਜਿਸ ਕਾਰਨ ਲੋਕਾਂ ਨੂੰ ਖਾਣਾ ਖਾਣ ਵਿਚ ਵੀ ਦਿੱਕਤ ਆਉਂਦੀ ਸੀ। ਭਵਿੱਖ ਦੀਆਂ ਉਮੀਦਾਂ : ਹੁਣ ਪੰਜਾਬ ਸਰਕਾਰ ਵੱਲੋਂ ਭਿਖਾਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਡੀਐੱਨਏ ਟੈਸਟ ਕਰਵਾਉਣ ਨਾਲ ਇਹ ਆਸ ਬਣੀ ਹੈ ਕਿ ਸ਼ਾਇਦ ਲੋਕਾਂ ਨੂੰ ਇਸ ਸਮੱਸਿਆ ਤੋਂ ਕੁਝ ਰਾਹਤ ਮਿਲੇਗੀ। ਹਾਲਾਂਕਿ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਦੀ ਇਸ ਕਾਰਵਾਈ ਨਾਲ ਆਮ ਲੋਕਾਂ ਨੂੰ ਭਿਖਾਰੀਆਂ ਤੋਂ ਕਿੰਨੀ ਕੁ ਰਾਹਤ ਮਿਲਦੀ ਹੈ।

Related Articles

Leave a Reply

Your email address will not be published. Required fields are marked *

Back to top button