
ਪੀਲੀਭੀਤ, 4 ਜਨਵਰੀ : ਪੀਲੀਭੀਤ ਦੇ ਬਰਖੇੜਾ ਥਾਣਾ ਖੇਤਰ ਦੇ ਪਿੰਡ ਪੈਨੀਆਂ ਰਾਮਕਿਸ਼ਨ ਵਿੱਚ ਸ਼ਨੀਵਾਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਦੋ ਸਾਲ ਦੇ ਬੱਚੇ ਦੀ ਜਾਨ ਚਲੀ ਗਈ। ਪਿੰਡ ਦਾ ਰਹਿਣ ਵਾਲਾ ਅਨਿਲ ਸ਼ਨੀਵਾਰ ਰਾਤ ਕਰੀਬ 8 ਵਜੇ ਆਪਣੇ ਇਕਲੌਤੇ ਪੁੱਤਰ ਕਾਰਤਿਕ ਨੂੰ ਗੋਦੀ ਵਿੱਚ ਲੈ ਕੇ ਦਵਾਈ ਲੈਣ ਲਈ ਮੈਡੀਕਲ ਸਟੋਰ ਜਾ ਰਿਹਾ ਸੀ। ਜਿਵੇਂ ਹੀ ਉਹ ਮੈਡੀਕਲ ਸਟੋਰ ਦੇ ਨੇੜੇ ਪਹੁੰਚਿਆ, ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਬਾਈਕ ਸਵਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਚਾ ਪਿਤਾ ਦੀ ਗੋਦੀ ਵਿੱਚੋਂ ਉਛਲ ਕੇ ਦੂਰ ਜਾ ਡਿੱਗਿਆ, ਜਿਸ ਕਾਰਨ ਉਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ।
ਪਿਤਾ ਬੁਰੀ ਤਰ੍ਹਾਂ ਜ਼ਖ਼ਮੀ
ਹਾਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਪਿੰਡ ਵਾਸਿਆਂ ਨੇ ਭੱਜਣ ਦੀ ਕੋਸ਼ਿਸ਼ ਕਰ ਰਹੇ ਬਾਈਕ ਸਵਾਰ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ । ਪੁਲਿਸ ਨੇ ਦੋਵਾਂ ਨੂੰ ਐਂਬੂਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ 2 ਸਾਲਾ ਕਾਰਤਿਕ ਨੂੰ ਮ੍ਰਿਤਕ ਐਲਾਨ ਦਿੱਤਾ। ਪਿਤਾ ਅਨਿਲ ਦਾ ਇਲਾਜ ਚੱਲ ਰਿਹਾ ਹੈ। ਇਕਲੌਤੇ ਪੁੱਤਰ ਦੀ ਮੌਤ ਕਾਰਨ ਮਾਂ ਰੀਤਾ ਅਤੇ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



