ਭਾਰਤ ਸਰਕਾਰ ਨੇ ਸਜ਼ਾ ਪੂਰੀ ਕਰਨ ਵਾਲੇ ਪੰਜ ਪਾਕਿਸਤਾਨੀ ਕੈਦੀਆਂ ਨੂੰ ਕੀਤਾ ਰਿਹਾਅ, ਅਟਾਰੀ-ਵਾਹਗਾ ਸਰਹੱਦ ਰਾਹੀਂ ਭੇਜੇ ਵਾਪਸ

ਅੰਮ੍ਰਿਤਸਰ, 8 ਫਰਵਰੀ- ਭਾਰਤ ਸਰਕਾਰ ਨੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਪੰਜ ਪਾਕਿਸਤਾਨੀ ਕੈਦੀਆਂ ਨੂੰ ਅਟਾਰੀ–ਵਾਹਗਾ ਸਰਹੱਦ ਰਾਹੀਂ ਵਾਪਸ ਪਾਕਿਸਤਾਨ ਭੇਜ ਦਿੱਤਾ ਹੈ। ਪਾਕਿਸਤਾਨ ਦੇ ਕਰਾਚੀ ਵਿੱਚ ਰਹਿਣ ਵਾਲੇ ਮਸਰੂਰ ਨੇ ਕਿਹਾ ਕਿ ਉਹ ਸਾਲ 2008 ਵਿਚ ਭਾਰਤ ਆਇਆ ਸੀ। ਉਸ ਕੋਛੇ ਮਹੀਨੇ ਦਾ ਵੀਜ਼ਾ ਸੀ ਅਤੇ ਜਦੋਂ ਉਸ ਦਾ ਵੀਜ਼ਾ ਖਤਮ ਹੋ ਗਿਆ ਤਾਂ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਸ ਨੇ ਦੱਸਿਆ ਕਿ ਲਖਨਊ ਵਿਚ ਉਸ ਨੇ ਇੱਕ ਦੁਕਾਨ ‘ਤੇ ਸ਼ੀਸ਼ਾ ਕੱਟਣ ਅਤੇ ਫਿਟਿੰਗ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਪੁਲਿਸ ਨੇ ਉਸ ਨੂੰ ਫੜ ਲਿਆ ਅਤੇ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਹਾਈ ਕੋਰਟ ਵਿਚ ਅਪੀਲ ਕਰਨ ਤੋਂ ਬਾਅਦ, ਉਸ ਨੇ ਸਾਢੇ 16 ਸਾਲ ਜੇਲ੍ਹ ਵਿਚ ਬਿਤਾਏ ਅਤੇ ਹੁਣ ਆਪਣੇ ਦੇਸ਼ ਵਾਪਸ ਜਾ ਰਿਹਾ ਹੈ। ਇਸੇ ਤਰ੍ਹਾਂ ਜ਼ਫਰ ਹੁਸੈਨ ਨੇ ਕਿਹਾ ਕਿ ਪੁਲਿਸ ਨੇ ਉਸ ਨੂੰ ਜਾਸੂਸੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ। ਉਹ ਆਪਣੀ 17 ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਪਾਕਿਸਤਾਨ ਵਾਪਸ ਜਾ ਰਿਹਾ ਹੈ। ਉਹ ਰਾਜਸਥਾਨ ਦੀ ਅਲਵਰ ਜੇਲ੍ਹ ਵਿਚ ਬੰਦ ਸੀ ਅਤੇ ਇੱਕ ਜਾਸੂਸੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਵਿਆਹਿਆ ਹੋਇਆ ਹੈ ਅਤੇ ਉਸ ਦੀ ਪਤਨੀ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਰਹਿੰਦੀ ਹੈ। ਇੱਕ ਕੈਦੀ ਨੰਦ ਲਾਲ ਵੀ ਸਿੰਧ ਸੂਬੇ ਤੋਂ ਸੀ। ਉਸ ਦੀ ਰਾਜਸਥਾਨ ਭਾਰਤ ਵਿਚ ਜ਼ਮੀਨ ਸੀ, ਜਿਸ ‘ਤੇ ਉਸ ਦੇ ਰਿਸ਼ਤੇਦਾਰਾਂ ਦਾ ਕਬਜ਼ਾ ਸੀ। ਉਹ ਆਪਣੀ ਜ਼ਮੀਨ ਵਾਪਸ ਲੈਣ ਲਈ ਭਾਰਤ ਆਇਆ ਸੀ। ਉਸ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ। ਇੱਕ ਹੋਰ ਕੈਦੀ ਅਜਮਲ ਹੁਸੈਨ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਕਸੂਰ ਪਿੰਡ ਦਾ ਰਹਿਣ ਵਾਲਾ ਹੈ। ਉਹ ਪਿਆਰ ਲਈ ਭਾਰਤ ਆਇਆ ਸੀ। ਉਸ ਨੂੰ ਆਪਣੇ ਪਿਤਾ ਦੇ ਮਾਮੇ ਦੀ ਧੀ ਨਾਲ ਪਿਆਰ ਹੋ ਗਿਆ, ਜੋ ਹਰਿਆਣਾ ਵਿਚ ਰਹਿੰਦੀ ਹੈ। ਉਹ ਵਟਸਐਪ ‘ਤੇ ਚੈਟਿੰਗ ਕਰਦੇ ਸਨ ਅਤੇ ਕੁੜੀ ਨੇ ਉਸ ਨੂੰ ਵਿਆਹ ਕਰਨ ਲਈ ਕਿਹਾ, ਜਿਸ ਕਾਰਨ ਉਹ ਸ਼ਰਾਬ ਪੀਣ ਤੋਂ ਬਾਅਦ ਗਲਤੀ ਨਾਲ ਭਾਰਤੀ ਖੇਤਰ ਵਿਚ ਦਾਖਲ ਹੋ ਗਿਆ। ਉਸ ਨੇ ਦੱਸਿਆ ਕਿ 2022 ਵਿਚ ਵਲਟੋਹਾ ਥਾਣੇ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਜੋ ਉਸ ਨੇ ਤਰਨਤਾਰਨ ਜੇਲ੍ਹ ਵਿੱਚ ਪੂਰੀ ਕੀਤੀ।



