
ਬਾਲ ਕਿਸ਼ਨ
ਫ਼ਿਰੋਜ਼ਪੁਰ, 12 ਅਕਤੂਬਰ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਪਿੰਡ ਲਹਿਰਾ ਰੋਹੀ ਵਿਖੇ ਹੋਈ। ਇਸ ਮੌਕੇ ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਆਏ ਹੜ੍ਹ ਕੁਦਰਤੀ ਨਹੀਂ ਸਨ ਬਲਕਿ ਸਰਕਾਰ ਦੀਆਂ ਨਲਾਇਕੀਆਂ ਕਾਰਨ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵੱਡੀ ਪੱਧਰ ਤੇ ਤਬਾਹੀ ਹੋਈ ਹੈ, ਜਿਸ ਵਿਚ ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡਾਂ ਲੋਕਾਂ ਨੇ ਵੱਧ ਚੜ੍ਹ ਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਦਰਿਆਵਾਂ ਦੇ ਬੰਨ੍ਹ ਬੰਨੇ ਅਤੇ ਹੁਣ ਕਿਸਾਨਾਂ ਦੀ ਜ਼ਮੀਨ ਨੂੰ ਠੀਕ ਕਰ ਕੇ ਕਣਕ ਦੇ ਬੀਜ ਦੇ ਰਹੇ ਹਨ ਪਰ ਸਰਕਾਰ ਵੱਲੋਂ ਅਜੇ ਤੱਕ ਹੜ੍ਹ ਪੀੜਤਾਂ ਦੀ ਕੋਈ ਸਹਾਇਤਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੱਥੇਬੰਦੀ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਵਿਚ ਕੈਂਪ ਲਗਾ ਕੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਹੁਣ ਕਣਕ ਦੇ ਬੀਜ ਦੀ ਭਾਰੀ ਲੋੜ ਹੈ, ਕਿਸਾਨਾਂ ਲਈ ਕਣਕ ਦਾ ਬੀਜ ਇਕੱਠਾ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ। ਮੀਟਿੰਗ ਦੌਰਾਨ ਪਰਾਲੀ ਸਾੜਨ ਦਾ ਮੁੱਦਾ ਵੀ ਵਿਚਾਰਿਆ ਗਿਆ। ਆਗੂਆਂ ਨੇ ਫੈਸਲਾ ਕੀਤਾ ਕਿ ਹਰ ਕਿਸਾਨ ਆਪਣੀ ਜੀਰੀ ਵੱਢਣ ਤੋਂ ਬਾਅਦ ਮਹਿਕਮੇ ਨੂੰ ਸੂਚਿਤ ਕਰਕੇ ਇੱਕ ਹਫਤੇ ਦਾ ਟਾਈਮ ਦੇਵੇਗਾ ਤਾਂ ਜੋ ਪਰਾਲੀ ਦਾ ਸਰਕਾਰ ਉਚਿਤ ਪ੍ਰਬੰਧ ਕਰੇ, ਜੇਕਰ ਸਰਕਾਰ ਕੋਈ ਪ੍ਰਬੰਧ ਨਹੀਂ ਕਰਦੀ ਤਾਂ ਕਿਸਾਨ ਪਰਾਲੀ ਸਾੜਨ ਲਈ ਮਜ਼ਬੂਰ ਹੋਣਗੇ। ਮੀਟਿੰਗ ਵਿੱਚ ਜਥੇਬੰਦੀ ਦੀ ਮਜ਼ਬੂਤੀ ਲਈ ਅਗਲਾ ਇਜਲਾਸ ਕਰਾਉਣ ਦਾ ਫੈਸਲਾ ਲਿਆ, ਜਿਸ ਵਿੱਚ 31 ਦਸੰਬਰ 2025 ਤੱਕ ਸਾਰੇ ਪਿੰਡਾਂ ਵਿਚ ਮੈਂਬਰਸ਼ਿਪ ਕੱਟ ਕੇ ਇਕਾਈਆਂ ਬਣਾਈਆਂ ਜਾਣਗੀਆਂ ਅਤੇ 31 ਜਨਵਰੀ ਤੱਕ ਡੈਲੀਗੇਟ ਚੁਣ ਕੇ ਬਲਾਕ ਕਮੇਟੀਆਂ ਅਤੇ ਜ਼ਿਲ੍ਹਾ ਕਮੇਟੀਆਂ ਦੀ ਚੋਣ ਕੀਤੀ ਜਾਵੇਗੀ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਕੌਰ ਸੂਬਾ ਜਨਰਲ ਸਕੱਤਰ, ਲਾਲ ਸਿੰਘ ਗੋਲੇਵਾਲਾ ਸੀਨੀਅਰ ਮੀਤ ਪ੍ਰਧਾਨ,ਸੂਬਾ ਪ੍ਰੈੱਸ ਸਕੱਤਰ ਜਰਨੈਲ ਸਿੰਘ ਕਾਲੇਕੇ ,ਗੁਰਦੀਪ ਸਿੰਘ ਬੈਰੋਕੇ, ਸਵਿੰਦਰ ਸਿੰਘ ਜਥੇਬੰਧਕ ਸਕੱਤਰ ਅੰਮ੍ਰਿਤਸਰ, ਬਲਵੰਤ ਸਿੰਘ ਮਹਿਰਾਜ, ਸਤਵੰਤ ਸਿੰਘ ਵਜੀਦਪੁਰ, ਕੁਲਦੀਪ ਸਿੰਘ ਗੁਰਦਾਸਪੁਰ,ਰਣਜੀਤ ਸਿੰਘ ਸਵਾਜਪੁਰ, ਸੂਰਜ ਭਾਨ ਫਰੀਦਕੋਟ, ਹਰਚਰਨ ਸਿੰਘ ਮਾਨਸਾ, ਪਰਸ਼ੋਤਮ ਮਹਿਰਾਜ ਬਠਿੰਡਾ, ਕੁਲਵਿੰਦਰ ਸਿੰਘ ਗੁਰਦਾਸਪੁਰ,ਗੁਰਭਾਗ ਸਿੰਘ ਮਰੂੜ,ਬਲਦੇਵ ਸਿੰਘ ਫਰੀਦਕੋਟ, ਦਰਸ਼ਨ ਸਿੰਘ ਬਾਜਾਖਾਨਾ, ਜਸਵਿੰਦਰ ਸਿੰਘ ਜੈਤੋ, ਕਰਮਜੀਤ ਸਿੰਘ ਜੇਈ ਭਗਤਾ, ਯਾਦਵਿੰਦਰ ਸਿੰਘ ਕੂਕਾ, ਪਵਨ ਕੁਮਾਰ ਪਸਿਆਣਾ ਆਦਿ ਨੇ ਭਾਗ ਲਿਆ।



