
ਸ਼ਾਹਕੋਟ, 20 ਅਗਸਤ : ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭਪਾਤਰੀਆਂ ਨੂੰ ਲਾਭ ਦੇਣ ਅਤੇ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਇਲਾਕੇ ਵਿਚ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ। ਵੀਰਵਾਰ ਸਵੇਰੇ ਜਦੋਂ ਰੂਪੇਵਾਲ ਦੀ ਦਾਣਾ ਮੰਡੀ ਵਿਚ ਭਾਜਪਾ ਆਗੂ ਕੈਂਪ ਲਗਾਉਣ ਲਈ ਪਹੁੰਚੇ ਤਾਂ ਸ਼ਾਹਕੋਟ ਪੁਲਿਸ ਵਲੋਂ ਭਾਜਪਾ ਦੇ ਹਲਕਾ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਅਤੇ ਸਾਬਕਾ ਵਿਧਾਇਕ ਕੇ.ਡੀ ਭੰਡਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਤੋਂ ਬਾਅਦ ਮੌਕੇ ‘ਤੇ ਮਾਹੌਲ ਤਣਾਪੂਰਨ ਹੋ ਗਿਆ। ਇਸ ਦੌਰਾਨ ਭਾਜਪਾ ਵਰਕਰਾਂ ਦੀ ਪੁਲਿਸ ਨਾਲ ਬਹਿਸ ਵੀ ਹੋਈ ਪਰ ਡੀਐਸਪੀ ਉਂਕਾਰ ਸਿੰਘ ਬਰਾੜ ਤੇ ਐਸਐਚਓ ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਸ਼ਾਹਕੋਟ ਪੁਲਿਸ ਨੇ ਦੋਵਾਂ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਪੁਲਿਸ ਵੱਲੋਂ ਭਾਜਪਾ ਆਗੂਆਂ ਨਾਲ ਧੱਕਾ ਮੁੱਕੀ ਵੀ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ਼ਾਰਿਆਂ ‘ਤੇ ਪੁਲਿਸ ਵੱਲੋਂ ਕੀਤੀ ਕਾਰਵਾਈ ਦਾ ਵਿਰੋਧ ਕਰਦਿਆਂ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਵੱਖ ਵੱਖ ਥਾਵਾਂ ‘ਤੇ ਸਹਾਇਤਾ ਕੈਂਪ ਲਗਾ ਕੇ ਲੋੜਵੰਦ ਪਰਿਵਾਰਾਂ ਦੇ ਕਾਰਡ ਬਣਾਏ ਜਾ ਰਹੇ ਸਨ ਤਾਂ ਜੋ ਉਨ੍ਹਾਂ ਤਕ ਵੀ ਕੇਂਦਰ ਦੀਆਂ ਸਕੀਮਾਂ ਦਾ ਲਾਭ ਪਹੁੰਚੇ। ਅੱਜ ਜਦੋਂ ਉਹ ਰੂਪੇਵਾਲ ਦਾਣਾ ਮੰਡੀ ਵਿਖੇ ਕੈਂਪ ਲਗਾ ਰਹੇ ਸਨ ਤਾਂ ਸ਼ਾਹਕੋਟ ਪੁਲਿਸ ਵੱਲੋਂ ਮੌਕੇ ‘ਤੇ ਆ ਕੇ ਹੁੱਲੜਬਾਜੀ ਕੀਤੀ ਗਈ। ਰਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਗਰੀਬ ਪਰਿਵਾਰਾਂ ਦਾ ਭਲਾ ਹੋਣ ਤੋਂ ਰੋਕਿਆ ਜਾ ਰਿਹਾ ਹੈ। ਸਰਕਾਰ ਨੇ ਮਨੀਸ਼ ਸਿਸੋਦੀਆ ਦੇ ਬਿਆਨ ‘ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿਚ ਉਹ ਸ਼ਰੇਅਮ ਲੜਾਈ ਝਗੜਾ ਕਰਕੇ ਵਿਰੋਧੀਆਂ ਨੂੰ ਹਰਾਉਣ ਦੀ ਗੱਲ ਕਰ ਰਹੇ ਹਨ। ਵਿਰੋਧੀ ਪਾਰਟੀਆਂ ਨੂੰ ਰੋਕਣ ਲਈ ਆਮ ਆਦਮੀ ਪਾਰਟੀ ਵੱਲੋਂ ਪੁਲਿਸ ਬਲ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਕਿ ਬਹੁਤ ਨਿੰਦਣਯੋਗ ਹੈ। ‘ਆਪ’ ਸਰਕਾਰ ਦੀ ਧੱਕੇਸ਼ਾਹੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਨੂੰ ਇਕ ਪਾਰਟੀ ਦੇ ਇਸ਼ਾਰਿਆਂ ‘ਤੇ ਕੰਮ ਨਾ ਕਰਕੇ ਲੋਕਤੰਤਰ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਇਸ ਮੌਕੇ ਭਾਜਪਾ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੁਲਿਸ ਵਿਰੁੱਧ ਜੰਮ ਕਰ ਨਾਅਰੇਬਾਜ਼ੀ ਕੀਤੀ ਗਈ।



