Punjab

ਭਾਖੜਾ, ਪੌਂਗ ਤੇ ਰਣਜੀਤ ਸਾਗਰ ਡੈਮ ’ਚ ਘਟਿਆ ਪਾਣੀ ਦਾ ਪੱਧਰ ਬਣਿਆ ਚਿੰਤਾ ਦਾ ਵਿਸ਼ਾ, ਗਰਮੀਆਂ ‘ਚ ਸੰਕਟ ਹੋਰ ਡੂੰਘਾ ਹੋਣ ਦਾ ਖਦਸ਼ਾ

ਨੰਗਲ, 25 ਮਈ-ਪੰਜਾਬ ਤੇ ਉੱਤਰ ਭਾਰਤ ਲਈ ਜੀਵਨ ਰੇਖਾ ਮੰਨੇ ਜਾਣ ਵਾਲੇ ਭਾਖੜਾ ਡੈਮ ਸਣੇ ਪੋਂਗ ਤੇ ਰਣਜੀਤ ਸਾਗਰ ਡੈਮ ਇਸ ਸਮੇਂ ਘਟਦੇ ਪਾਣੀ ਦੇ ਪੱਧਰ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਪਹਾੜਾਂ ’ਤੇ ਬਰਫਬਾਰੀ ਤਾਂ ਹੋਈ ਹੈ ਪਰ ਇਸ ਵਾਰੀ ਉਮੀਦ ਤੋਂ ਘੱਟ ਇਸ ਦਾ ਪਿਘਲਣਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ।• ਇਸ ਕਾਰਨ ਕੈਚਮੈਂਟ ਖੇਤਰਾਂ ਤੋਂ ਘੱਟ ਪਾਣੀ ਆ ਰਿਹਾ ਹੈ। ਭਾਖੜਾ ਡੈਮ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ’ਚ ਪਾਣੀ ਦੇ ਪੱਧਰ ਦੇ ਮਾਮਲਿਆਂ ’ਚ 0.38 ਫੁੱਟ ਥੋੜ੍ਹਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਪਾਣੀ ਦਾ ਪੱਧਰ 1559.84 ਫੁੱਟ ’ਤੇ ਪਹੁੰਚ ਗਿਆ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 8.45 ਫੁੱਟ ਘੱਟ ਹੈ। 2024 ’ਚ ਇਸੇ ਦਿਨ ਇਹ ਪੱਧਰ 1568.29 ਫੁੱਟ ਸੀ। ਪਾਣੀ ਦਾ ਆਉਣਾ ਵੀ ਚਿੰਤਾਜਨਕ ਸਥਿਤੀ ਵਿਚ ਹੈ। ਪਿਛਲੇ ਸਾਲ ਦੀ 31346 ਕਿਊਸਿਕ ਦੇ ਮੁਕਾਬਲੇ ਇਸ ਵਾਰੀ ਇਹ 28529 ਕਿਊਸਿਕ ਹੈ। ਵਰਤਮਾਨ ’ਚ 25763 ਕਿਊਸਿਕ ਪਾਣੀ ਹੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਡੈਂਮ ਦੇ ਪਾਣੀ ਦੇ ਪੱਧਰ ਨੂੰ ਸਥਿਰ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਪਾਣੀ ਆਉਣ ਦੀ ਤੁਲਨਾ ’ਚ ਨਿਕਾਸ ਵੱਧ ਹੋਣ ਕਾਰਨ ਸੰਤੁਲਨ ਬਣਾਉਣਾ ਔਖਾ ਹੋ ਰਿਹਾ ਹੈ। ਭਾਖੜਾ ਡੈਮ ਦਾ ਕੈਚਮੈਂਟ ਇਲਾਕਾ ਕਾਫੀ ਵੱਡਾ ਤੇ ਭੂਗੋਲਿਕ ਰੂਪ ’ਚ ਵਿਭਿੰਨਤਾ ਵਾਲਾ ਹੈ। ਇਹ ਖੇਤਰ ਮੁੱਖ ਤੌਰ ’ਤੇ ਹਿਮਾਚਲ ਪ੍ਰਦੇਸ਼ ਦੇ ਉਪਰਲੇ ਪਹਾੜਾਂ ਤੋਂ ਸ਼ੁਰੂ ਹੁੰਦਾ ਹੈ ਅਤੇ ਸਤਲੁਜ ਨਦੀ ਦੇ ਰਾਹੀਂ ਪਾਣੀ ਨੂੰ ਭਰਦਾ ਹੈ। ਭਾਖੜਾ ਡੈਮ ’ਚ ਪਾਣੀ ਦੀ ਮੁੱਖ ਆਵਕ ਸਤਲੁਜ ਨਦੀ ਦੁਆਰਾ ਹੁੰਦੀ ਹੈ ਜੋ ਤਿੱਬਤ ਦੇ ਮਨਸਰੋਵਰ ਖੇਤਰ ਤੋਂ ਨਿਕਲ ਕੇ ਭਾਰਤ ’ਚ ਦਾਖਲ ਹੁੰਦੀ ਹੈ। ਹਿਮਾਚਲ ਪ੍ਰਦੇਸ਼ ਦੇ ਬਰਫੀਲੇ ਇਲਾਕਿਆਂ ਜਿਵੇਂ ਕਿ ਸਪੀਤੀ, ਕਿਨੌਰ ਅਤੇ ਰਾਮਪੁਰ ਖੇਤਰਾਂ ਤੋਂ ਹੁੰਦੇ ਹੋਏ ਨੰਗਲ ਦੇ ਕੋਲ ਭਾਖੜਾ ਡੈਮ ’ਚ ਪਹੁੰਚਦੀ ਹੈ। ਜੇਕਰ ਇਨ੍ਹਾਂ ਖੇਤਰਾਂ ’ਚ ਸਮੇਂ ’ਤੇ ਬਰਫ ਨਹੀਂ ਪਿਘਲਦੀ, ਤਾਂ ਪਾਣੀ ਦੇ ਪੱਧਰ ਵਿਚ ਕਮੀ ਆਉਣੀ ਕੁਦਰਤੀ ਹੈ। ਪੋਂਗ ਡੈਮ ਦੀ ਸਥਿਤੀ ਵੀ ਬਿਹਤਰ ਨਹੀਂ ਹੈ। ਇਸ ਦੇ ਪਾਣੀ ਦਾ ਪੱਧਰ 1293.56 ਫੁੱਟ ’ਤੇ ਆ ਚੁੱਕਾ ਹੈ ਜਦਕਿ ਪਿਛਲੇ ਸਾਲ ਇਹ 1317.78 ਫੁੱਟ ਸੀ। ਪਾਣੀ ਦਾ ਆਉਣਾ ਇੱਥੇ ਵੀ 4373 ਕਿਊਸਿਕ ਤੱਕ ਸੀਮਿਤ ਰਿਹਾ ਹੈ। ਜੋ ਡੈਮ ਤੋਂ ਛੱਡੇ ਜਾ ਰਹੇ 4009 ਕਿਊਸਿਕ ਪਾਣੀ ਦੇ ਲਗਭਗ ਬਰਾਬਰ ਹੈ। ਰਣਜੀਤ ਸਾਗਰ ਡੈਮ ਵਿਚ ਬੇਸ਼ੱਕ ਪਾਣੀ ਦਾ ਪੱਧਰ ਇਸ ਵਾਰ 507.18 ਮੀਟਰ ਤੱਕ ਪਹੁੰਚ ਗਿਆ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 504.98 ਮੀਟਰ ਤੋਂ ਥੋੜ੍ਹਾ ਜਿਆਦਾ ਹੈ ਪਰ ਇੱਥੇ ਵੀ ਪਾਣੀ ਆਉਣ ਦੀ ਸਥਿਤੀ ਬੇਹੱਦ ਚਿੰਤਾ ਵਾਲੀ ਸਥਿਤੀ ਹੈ। ਪਿਛਲੇ ਸਾਲ ਜਿੱਥੇ 11429 ਕਿਊਸਿਕ ਪਾਣੀ ਆ ਰਿਹਾ ਸੀ ਉੱਥੇ ਇਸ ਵਾਰ ਇਹ ਅੰਕੜਾ ਘਟ ਕੇ ਸਿਰਫ 7188 ਕਿਊਸਿਕ ਤੱਕ ਸੀਮਤ ਹੋ ਗਿਆ ਹੈ। ਵਿਸ਼ੇ ਦੇ ਮਾਹਿਰ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਹਾੜਾਂ ’ਤੇ ਬਰਫ਼ ਦਾ ਪਿਘਲਣਾ ਜਲਦੀ ਸ਼ੁਰੂ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ’ਚ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਨੂੰ ਗੰਭੀਰ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿੰਚਾਈ, ਊਰਜਾ ਅਤੇ ਪੀਣ ਵਾਲੇ ਵਾਣੀ ਵਰਗੇ ਜ਼ਰੂਰੀ ਖੇਤਰਾਂ ’ਤੇ ਇਸ ਦਾ ਵੱਡਾ ਅਸਰ ਪਵੇਗਾ। ਇਸ ਸੰਭਾਵਿਤ ਸੰਕঙ্কਟ ਨੂੰ ਸਮਝਦੇ ਹੋਏ ਪੰਜਾਬ ਸਰਕਾਰ ਨੇ ਇਕ ਫੈਸਲਾ ਲੈਂਦਿਆਂ ਪਿਛਲੇ ਦਿਨੀਂ ਹਰਿਆਣਾ ਨੂੰ ਵਾਧੂ ਪਾਣੀ ਨਾ ਦੇਣ ਅਤੇ ਛੇ ਮਹੀਨੇ ਪਹਿਲਾਂ ਹੀ ਹਰਿਆਣਾ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਵਾਲੇ ਸੁਨੇਹੇ ਭੇਜੇ ਸਨ।

Related Articles

Leave a Reply

Your email address will not be published. Required fields are marked *

Back to top button