Punjab

ਭਗਵੰਤ ਮਾਨ ਸਰਕਾਰ ਕੇਜਰੀਵਾਲ ਦੀ ਮਹਿਮਾਨ ਨਿਵਾਜੀ ਛੱਡ ਕੇ ਹੱੜ੍ਹ ਪੀੜਤਾ ਵੱਲ ਦੇਵੇ ਧਿਆਨ– ਮਾਨ

ਫ਼ਿਰੋਜ਼ਪੁਰ, 1 ਸਤੰਬਰ: (ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ)– ਪੰਜਾਬ ਵਾਸੀਆਂ ਨਾਲ ਝੂਠੇ ਵਾਅਦੇ ਕਰਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੂੰ ਹੁਣ ਦਿੱਲੀ ਵਾਲੇ ਲਾਲਾ ਕੇਜਰੀਵਾਲ ਦੀ ਮਹਿਮਾਨ ਨਿਵਾਜੀ ਛੱਡ ਹੜ੍ਹ ਪੀੜਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਹੜ੍ਹਾਂ ਨਾਲ ਲੱਖਾਂ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ, ਜਾਨੀ–ਮਾਲੀ ਨੁਕਸਾਨ, ਮਾਲ ਡੰਗਰਾਂ ਦਾ ਉਜਾੜਾ ਅਤੇ ਮਕਾਨਾਂ ਦਾ ਢਹਿ–ਢੇਰੀ ਹੋਣਾ ਆਦਿ ਭਿਆਨਕ ਤੇ ਡਰਾਵਨੇ ਪੰਜਾਬ ’ਚ ਦ੍ਰਿਸ਼ ਬਣੇ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਸਰਕਟ ਹਾਊਸ ਫ਼ਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਪੱਤਰਕਾਰਾਂ ਨਾਲ ਕੀਤਾ। ਉਨ੍ਹਾਂ ਕਿਹਾ ਕਿ ਇਸ ਦਰਦਨਾਕ ਸਮੇਂ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਹਰ ਰਾਹਤ ਕਾਰਜ਼ਾਂ ਵਿਚ ਜੁੱਟ ਜਾਣਾ ਚਾਹੀਦਾ ਹੈ। ਸ: ਸਿਮਰਨਜੀਤ ਸਿੰਘ ਮਾਨ ਨੇ ਫ਼ਿਰੋਜ਼ਪੁਰ ਅਤੇ ਫ਼ਾਜਿਲਕਾ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਤਰੁੰਤ 75 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਘਰਾਂ ਦੇ ਨੁਕਸਾਨ ਲਈ ਢੁੱਕਵਾ ਮੁਆਵਜ਼ਾ ਤਰੁੰਤ ਜਾਰੀ ਕਰੇ, ਜਿਸ ਨਾਲ ਪੀੜਤਾਂ ਨੂੰ ਕੁੱਝ ਰਾਹਤ ਮਿਲੇ ਸਕੇ, ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੇ ਰੋਕਥਾਮ ਲਈ ਸਿਹਤ ਵਿਭਾਗ ਨੂੰ ਚੌਕਸ ਕੀਤਾ ਜਾਵੇ। ਸ: ਮਾਨ ਕਿਹਾ ਕਿ ਮੈਂ ਪਿਛਲੇ ਚਾਰ ਦਿਨਾਂ ਤੋਂ ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਖੇਤਰ ਦੇ ਹੜ੍ਹ ਪ੍ਰਭਾਵਿਤ ਬੰਨ੍ਹਾਂ ’ਤੇ ਦੇਖ ਰਿਹਾ ਹਾਂ ਮੈਨੂੰ ਕਿੱਤੇ ਵੀ ਸਰਕਾਰੀ ਅਮਲਾ ਰਾਹਤ ਕਾਰਜਾਂ ਵਿਚ ਲੱਗਿਆ ਨਜ਼ਰ ਨਹੀਂ ਆਇਆ, ਖੁਦ ਪੀੜਤ ਪਰਿਵਾਰ ਦੀ ਸਮਾਜ ਸੇਵੀ ਸੰਸਥਾਵਾਂ ਨਾਲ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਤੇ ਲੱਗੇ ਹੋਏ ਹਨ, ਫ਼ੌਜ ਵੀ ਆਪਣੀਆਂ ਬੈਰਕਾਂ ਤੇ ਕੰਨਟੋਨਮੈਟਾਂ ਤੋਂ ਬਾਹਰ ਨਹੀਂ ਨਿਕਲੀ, ਸਗੋਂ ਹੋ ਰਹੀ ਤਬਾਹੀ ਨੂੰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ, ਜਦਕਿ ਫ਼ਿਰੋਜ਼ਪੁਰ ਵਿਚ ਫੌੌਜ ਦੀ ਪੂਰੀ ਡਵੀਜ਼ਨ ਹੈ, ਇਹ ਇਸ ਤਰਾਂ ਦਾ ਵਰਤਾਰਾ ਹੈ ਜਿਵੇਂ 1984 ਵਿਚ ਸਿੱਖ ਕੌਮ ਦੀ ਨਸਲਕੁੱਸੀ ਮੌਕੇ ਫੌਜ ਬੈਰਕਾਂ ’ਚੋਂ ਬਾਹਰ ਨਹੀਂ ਸੀ ਨਿਕਲੀ। ਸ: ਮਾਨ ਨੇ ਕੇਂਦਰ ਹਕੂਮਤ ’ਤੇ ਪੰਜਾਬ ਨਾਲ ਹਮੇਸ਼ਾ ਵਿਤਕਰੇ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੇਂਦਰ ਮੋਦੀ ਹਕੂਮਤ ਵੱਲੋਂ ਇਸ ਇਸ ਬੂਰੇ ਵਕਤ ’ਤੇ ਰਾਹਤ ਦੇਣ ਦਾ ਯਤਨ ਤਾਂ ਕੀ ਕਰਨਾ ਸੀ, ਸਗੋਂ ਡਾਖੜਾ, ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਦੇ ਫਲੱਡ ਗੇਟ ਖੋਲ੍ਹ ਕੇ ਤਬਾਹੀ ਕਰ ਦਿੱਤੀ, ਇਸ ਤੋਂ ਵੱਡੀ ਗੁਲਾਮੀ ਸਿੱਖ ਕੌਮ ਲਈ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰੇ ਸਮੇਂ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ, ਯੂਥ ਪ੍ਰਧਾਨ ਤੇਜਿੰਦਰ ਸਿੰਘ ਦਿਉਲ, ਰਾਜਸੀ ਮਾਮਲਿਆਂ ਦੀ ਕਮੇਟੀ ਦੇ ਆਗੂ ਗੁਰਚਰਨ ਸਿੰਘ ਭੁੱਲਰ ਅਤੇ ਜਤਿੰਦਰ ਸਿੰਘ ਥਿੰਦ, ਗੁਰਵਿੰਦਰ ਸਿੰਘ ਮਹਾਲਮ ਯੂਥ ਪ੍ਰਧਾਨ, ਬੀਬੀ ਜਸਬੀਰ ਕੌਰ ਪ੍ਰਧਾਨ ਇਸਤਰੀ ਵਿੰਗ, ਉਪਿੰਦਰਜੀਤ ਸਿੰਘ ਪੀ.ਏ ਮਾਨ ਸਾਹਿਬ, ਗੁਰਮੀਤ ਸਿੰਘ ਹਬੀਬ ਵਾਲਾ, ਹੁਸਨਪ੍ਰੀਤ ਸਿੰਘ, ਜਗਜੀਤ ਸਿੰਘ  ਛੂਛਕ, ਬੀਬੀ ਸੁਰਜੀਤ ਕੌਰ, ਬਲਵੰਤ ਸਿੰਘ ਵਾਹਗੇ ਵਾਲਾ ਆਦਿ ਨੇ ਵੀ ਸਰਕਾਰ ਨੂੰ ਦਲਾਸਿਆ ਦੀ ਜਗ੍ਹਾ ਉਹਨਾਂ ਨੂੰ ਤੁਰੰਤ ਮੁਆਵਜੇ ਦੀ ਸਹਾਇਤਾ ਦੇਣ ਦੀ ਅਪੀਲ ਕੀਤੀ।

Related Articles

Leave a Reply

Your email address will not be published. Required fields are marked *

Back to top button