Punjab

ਭਗਤੀ ਦੇ ਰੰਗਾਂ ਨਾਲ ਰੰਗਿਆ ਫ਼ਿਰੋਜ਼ਪੁਰ, ਹਰ-ਹਰ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜਿਆ ਮੰਦਰ

ਬਾਲ ਕਿਸ਼ਨ

ਫਿਰੋਜ਼ਪੁਰ, 16 ਸਤੰਬਰ : ਫ਼ਿਰੋਜ਼ਪੁਰ ਛਾਉਣੀ ਵਿਚ ਸਥਿਤ ਪ੍ਰਸਿੱਧ ਸਿੱਧਪੀਠ ਸ਼੍ਰੀ ਸ਼ੀਤਲਾ ਮਾਤਾ ਮੰਦਰ ਵਿਖੇ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਭਗਤੀਮਈ ਮਾਹੌਲ ਵਿਚ ਲੀਨ ਹੋ ਗਿਆ। ਇਸ ਪਵਿੱਤਰ ਮੌਕੇ ’ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਥਾਵਾਚਕ ਪੂਜਯ ਆਚਾਰੀਆ ਰਾਮ ਜੀ ਮਹਾਰਾਜ ਨੇ ਆਪਣੇ ਪ੍ਰਵਚਨਾਂ ਅਤੇ ਭਾਵਪੂਰਨ ਸ਼ੈਲੀ ਨਾਲ ਭਗਵਾਨ ਸ਼ਿਵ-ਪਾਰਵਤੀ ਦੇ ਪਵਿੱਤਰ ਵਿਆਹ ਦੀ ਕਥਾ ਦਾ ਵਿਸਥਾਰ ਨਾਲ ਵਰਣਨ ਕੀਤਾ। ਕਥਾ ਦੌਰਾਨ ਸ਼ਿਵ ਵਿਆਹ ਦੀ ਪੂਰੀ ਰਸਮ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ, ਜਿਸ ਨੂੰ ਦੇਖ ਕੇ ਸਾਰੇ ਸ਼ਰਧਾਲੂ ਭਾਵੁਕ ਹੋ ਗਏ ਅਤੇ ਇਸ ਅਲੌਕਿਕ ਵਿਆਹ ਦੇ ਗਵਾਹ ਬਣੇ। ਪੂਰੇ ਪੰਡਾਲ ਵਿਚ ‘ਹਰ-ਹਰ ਮਹਾਦੇਵ’ ਤੇ ‘‘ਬੋਲ ਬਮ’’ ਦੇ ਜੈਕਾਰਿਆਂ ਦੀ ਗੂੰਜ ਨੇ ਮਾਹੌਲ ਨੂੰ ਹੋਰ ਵੀ ਰੂਹਾਨੀ ਬਣਾ ਦਿੱਤਾ। ਸ਼ਰਧਾਲੂ ਮਹਿਲਾਵਾਂ ਨੇ ਮੰਗਲ ਗੀਤ ਗਾਏ ਅਤੇ ਭਜਨਾਂ ਦੀਆਂ ਧੁਨਾਂ ਨੇ ਵਾਤਾਵਰਣ ਨੂੰ ਹੋਰ ਵੀ ਪਵਿੱਤਰਤਾ ਪ੍ਰਦਾਨ ਕੀਤੀ। ਹਰ ਪਾਸੇ ਭਗਤੀ ਅਤੇ ਸ਼ਰਧਾ ਦਾ ਇਕ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ। ਇਸ ਸ਼ੁਭ ਮੌਕੇ ’ਤੇ ਸ਼ਹਿਰ ਦੀਆਂ ਕਈ ਮਸ਼ਹੂਰ ਹਸਤੀਆਂ ਅਤੇ ਸ਼ਰਧਾਲੂ ਮੌਜ਼ੂਦ ਸਨ। ਇਨ੍ਹਾਂ ਵਿਚ ਪੰਡਿਤ ਨਵੀਨ ਸ਼ਰਮਾ, ਪੰਡਿਤ ਮਨੀਸ਼ ਸ਼ਰਮਾ, ਰਾਮ ਅਵਤਾਰ, ਪੰਕਜ ਕੋਡ, ਪਵਨ ਅਗਰਵਾਲ, ਰਾਜੇਸ਼ ਸਚਦੇਵਾ, ਸੁਰਿੰਦਰ ਸ਼ਾਸਤਰੀ, ਰਮੇਸ਼ ਸ਼ਰਮਾ, ਹਰੀਸ਼ ਗੋਇਲ, ਰਾਕੇਸ਼ ਗਰੋਵਰ ਅਤੇ ਬਿਹਾਰੀ ਮੰਦਰ ਦੇ ਸੇਵਾਦਾਰ ਆਪਣੀ ਪੂਰੀ ਟੀਮ ਸਮੇਤ ਸ਼ਾਮਲ ਸਨ। ਇਸ ਤੋਂ ਇਲਾਵਾ ਪਰਵਿੰਦਰ ਕੁਮਾਰ ਸਿਕਰੀ, ਰਾਜੇਸ਼ ਦੱਤ ਬ੍ਰਹਮ ਸਭਾ ਦੇ ਪ੍ਰਧਾਨ ਅਤੇ ਹੋਰ ਵੀ ਕਈ ਪਤਵੰਤੇ ਸੱਜਣ ਅਤੇ ਸ਼ਰਧਾਲੂ ਮੌਜ਼ੂਦ ਰਹੇ। ਇਸ ਮਹਾਨ ਆਯੋਜਨ ਨੂੰ ਸਫ਼ਲ ਬਣਾਉਣ ਵਿਚ ਸ਼੍ਰੀ ਸਨਾਤਨ ਧਰਮ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਅਤੇ ਐਂਟੀ ਕ੍ਰਾਈਮ ਐਂਡ ਡਰੱਗਜ਼ ਸੰਸਥਾ ਦੀ ਪੂਰੀ ਟੀਮ ਨੇ ਵੀ ਪੂਰਾ ਯੋਗਦਾਨ ਦਿੱਤਾ। ਸਿੱਧਪੀਠ ਸ਼੍ਰੀ ਸ਼ੀਤਲਾ ਮਾਤਾ ਮੰਦਰ ਦੀ ਪ੍ਰਬੰਧਕੀ ਕਮੇਟੀ ਨੇ ਵੀ ਕਥਾ ਦੀ ਸਫਲਤਾ ਲਈ ਹਰ ਸੰਭਵ ਸਹਿਯੋਗ ਦਿੱਤਾ। ਕਥਾ ਸੁਣਨ ਲਈ ਵੱਡੀ ਗਿਣਤੀ ਵਿਚ ਸ਼ਰਧਾਲੂ ਮੰਦਰ ਪਹੁੰਚੇ ਅਤੇ ਸਾਰਿਆਂ ਨੇ ਬੜੇ ਧਿਆਨ ਨਾਲ ਕਥਾ ਸੁਣੀ। ਕਥਾ ਦੇ ਅੰਤ ਵਿਚ ਆਚਾਰੀਆ ਜੀ ਨੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਪ੍ਰਸ਼ਾਦ ਵੰਡਿਆ ਗਿਆ। ਕਥਾ ਦੇ ਅਗਲੇ ਦਿਨਾਂ ਵਿਚ ਹੋਰ ਵੀ ਕਈ ਰੂਹਾਨੀ ਪ੍ਰਸੰਗਾਂ ਦਾ ਵਰਣਨ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button