
ਲਹਿਰਾਗਾਗਾ, 11 ਜੁਲਾਈ : ਪੰਜਾਬ ’ਚ ਵਾਪਰੇ ਜਹਿਰੀਲੀ ਸ਼ਰਾਬ ਕਾਂਡ ਉਪਰੰਤ ਪੰਜਾਬ ਪੁਲਿਸ ਨੇ ਸ਼ਰਾਬ ਵੇਚਣ ਵਾਲਿਆਂ ’ਤੇ ਨਕੇਲ ਕਸੀ ਹੋਈ ਹੈ। ਇਸਦੇ ਚਲਦਿਆਂ ਥਾਣਾ ਮੂਣਕ ਅਤੇ ਖਨੌਰੀ ਨੇ 96 ਬੋਤਲਾਂ ਸ਼ਰਾਬ ਠੇਕਾ ਦੇਸੀ ਸਮੇਤ ਦੋਸ਼ੀ ਕਾਬੂ ਕੀਤੇ ਹਨ। ਇਸ ਸਬੰਧੀ ਥਾਣਾ ਖਨੌਰੀ ਮੁਖੀ ਹਰਮਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਬਲਵੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਤੇ ਚੈਕਿੰਗ ਸਬੰਧੀ ਨੇੜੇ ਬਨਾਰਸੀ ਪੁਲ ਮੌਜੂਦ ਸਨ। ਉਸ ਸਮੇਂ ਪਿੰਡ ਕੱਚੀ ਖਨੌਰੀ ਵਾਲੇ ਪਾਸੇ ਤੋਂ ਇਕ ਵਿਅਕਤੀ ਆਪਣੇ ਮੋਢੇ ’ਤੇ ਕੈਨੀ ਪਲਾਸਟਿਕ ਰੱਖੀ ਆਉਂਦਾ ਵਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਿਆ। ਇਸ ਨੂੰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸਤਬੀਰ ਸਿੰਘ ਪੁੱਤਰ ਲਖਮੀ ਵਾਸੀ ਖਨੌਰੀ ਦੱਸਿਆ। ਇਸ ਪਾਸੋਂ ਬਰਾਮਦ ਕੈਨੀ ਪਲਾਸਟਿਕ ਵਿੱਚੋਂ 34 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕਰਦਿਆਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਖਨੌਰੀ ਦੇ ਥਾਣੇਦਾਰ ਚੰਨਾ ਰਾਮ ਜਦੋਂ ਨੇੜੇ ਸ਼ਮਸ਼ਾਨ ਘਾਟ ਖਨੌਰੀ ਮੌਜੂਦ ਸਨ, ਤਾਂ ਗੁਲਾਹੜ੍ਹ ਵਾਲੇ ਪਾਸੇ ਤੋਂ ਇੱਕ ਨੌਜਵਾਨ ਕੈਨੀ ਪਲਸਟਿਕ ਚੁੱਕੀ ਆਉਂਦਾ ਵਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਿਆ। ਉਸਨੂੰ ਤੁਰੰਤ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਕੁਲਦੀਪ ਰਾਮ ਪੁੱਤਰ ਹੰਸਰਾਜ ਵਾਸੀ ਖਨੌਰੀ ਦੱਸਿਆ। ਜਿਸ ਕੋਲੋਂ ਬਰਾਮਦ ਕੈਨੀ ਵਿੱਚੋਂ 50 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀ ਗਈ। ਤੀਜੇ ਮੁਕਦਮੇ ਰਾਹੀਂ ਮੂਨਕ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਪੁਲਸ ਪਾਰਟੀ ਸਮੇਤ ਬਾਹੱਦ ਪਿੰਡ ਭਾਠੂਆਂ ਮੌਜੂਦ ਸਨ। ਵਕਤ ਰਾਤ ਪੌਣੇ ਨੌ ਵਜੇ ਦੇ ਕਰੀਬ ਇਕ ਵਿਅਕਤੀ ਪੁਲਿਸ ਪਾਰਟੀ ਨੂੰ ਦੇਖਦਿਆਂ ਥੈਲਾ ਪਲਾਸਟਿਕ ਸੜਕ ਦੇ ਕਿਨਾਰੇ ਰੱਖ ਕੇ ਖਿਸਕਣ ਲੱਗਿਆ। ਸ਼ੱਕ ਦੀ ਬਿਨਾਂ ਉੱਤੇ ਦੋਸ਼ੀ ਭਗਵਾਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਭਠੂਆਂ, ਥਾਣਾ ਮੂਨਕ ਦੇ ਕਬਜ਼ੇ ਵਿਚਲੇ ਥੈਲੇ ਪਲਾਸਟਿਕ ਦੀ ਜਦੋਂ ਤਲਾਸੀ ਕੀਤੀ ਤਾਂ ਉਸ ਵਿੱਚੋਂ 12 ਬੋਤਲਾਂ ਸੀਲਬੰਦ ਸ਼ਰਾਬ ਠੇਕਾ ਦੇਸੀ ਬਰਾਮਦ ਹੋਣ ਤੇ ਦੋਸ਼ੀ ਉਕਤ ਦੇ ਖਿਲਾਫ ਥਾਣਾ ਮੂਨਕ ਵਿਖੇ ਰੁੱਕਾ ਭੇਜ ਕੇ ਪਰਚਾ ਦਰਜ਼ ਕਰਵਾਇਆ ਗਿਆ।



