Punjab

ਬੈਂਕ ਮੈਨੇਜਰ ’ਤੇ ਗੋਲੀ ਚਲਾਉਣ ਵਾਲੇ 3 ਕਾਬੂ, ਦੋ ਫਰਾਰ

ਲੁਧਿਆਣਾ, 8 ਅਕਤੂਬਰ : ਲੁਧਿਆਣਾ ਫਿਰੋਜ਼ ਗਾਂਧੀ ਮਾਰਕੀਟ ’ਚ ਨਿੱਜੀ ਬੈਂਕ ਦੇ ਮੈਨੇਜਰ ਤੇ ਗੋਲੀ ਚਲਾਉਣ ਵਾਲੇ 5 ਮੁਲਜ਼ਮਾਂ ’ਚੋਂ 3 ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ। ਜਾਣਕਾਰੀ ਮੁਤਾਬਕ ਪੁਲਿਸ ਨੇ ਗ੍ਰਿਫ਼ਤਾਰ ਕੀਤੇ 3 ਮੁਲਜ਼ਮਾਂ ’ਚੋਂ ਇਕ ’ਤੇ ਇਹ ਦੋਸ਼ ਲਾਇਆ ਹੈ ਕਿ ਉਸ ਨੇ 4 ਲੋਕਾਂ ਨੂੰ ਬੈਂਕ ਮੈਨੇਜਰ ’ਤੇ ਗੋਲੀ ਚਲਾਉਣ ਦੀ ਸੁਪਾਰੀ ਦਿੱਤੀ ਸੀ। ਯਾਦ ਰਹੇ ਕਿ 25 ਸਤੰਬਰ ਦੀ ਰਾਤ ਫਿਰੋਜ਼ ਗਾਂਧੀ ਮਾਰਕੀਟ ’ਚ ਲੱਗਭਗ 8 ਵਜੇ ਇਕ ਨਿੱਜੀ ਬੈਂਕ ਦੇ ਮੈਨੇਜਰ ਵਿਸ਼ਾਲ ਬਾਂਸਲ ’ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀ ਚਲਾਈ ਸੀ। ਇਸ ਦੌਰਾਨ ਗੋਲੀ ਵਿਸ਼ਾਲ ਦੇ ਹੱਥ ’ਚ ਲੱਗੀ ਸੀ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਸੀ। ਪੁਲਿਸ ਨੇ ਜ਼ਖਮੀ ਬੈਂਕ ਮੈਨੇਜਰ ਦੀ ਸ਼ਿਕਾਇਤ ’ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਪੱਤਰ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ’ਚ ਇਹ ਸਾਹਮਣੇ ਆਇਆ ਕਿ ਲੱਗਭਗ ਇਕ ਸਾਲ ਪਹਿਲਾਂ 2024 ’ਚ ਬੈਂਕ ਮੈਨੇਜਰ ਦੀ ਕਾਰ ਦੀ ਟੱਕਰ ਨਾਲ ਮੁਲਜ਼ਮ ਦੀਪਕ ਮਹਿਰਾ ਦੀ ਮਾਂ ਤੇ ਭੈਣ ਜ਼ਖਮੀ ਹੋ ਗਈਆਂ ਸਨ। ਇਸ ਹਾਦਸੇ ’ਚ ਉਸ ਦੀ ਮਾਂ ਦੀ ਮੌਤ ਹੋ ਗਈ, ਜਦਕਿ ਭੈਣ ਨੂੰ ਗੰਭੀਰ ਸੱਟਾਂ ਆਈਆਂ ਸਨ। ਇਹ ਗੱਲ ਦੀਪਕ ਮਹਿਰਾ ਦੇ ਮਨ ’ਚ ਚੁੱਭਦੀ ਰਹੀ ਤੇ ਉਸ ਨੇ ਬਦਲਾ ਲੈਣ ਲਈ 4 ਸ਼ੂਟਰਾਂ ਨੂੰ ਸੁਪਾਰੀ ਦੇ ਦਿੱਤੀ। ਉਸ ਨੇ ਇਹ ਸੁਪਾਰੀ 2 ਲੱਖ ਰੁਪਏ ਦੀ ਦਿੱਤੀ ਸੀ। ਸੂਤਰਾਂ ਅਨੁਸਾਰ ਦੀਪਕ ਮਹਿਰਾ ਤੇ ਉਨ੍ਹਾਂ ਵਿਚਕਾਰ ਇਹ ਤੈਅ ਕੀਤਾ ਗਿਆ ਸੀ ਕਿ ਕੁਝ ਪੈਸੇ ਐਡਵਾਂਸ ਮਿਲਣਗੇ ਤੇ ਬਾਕੀ ਦੇ ਪੈਸੇ ਗੋਲੀ ਚਲਾਉਣ ਤੋਂ ਬਾਅਦ ਦਿੱਤੇ ਜਾਣਗੇ। ਦੀਪਕ ਮਹਿਰਾ ਨੇ ਉਨ੍ਹਾਂ ਨੂੰ ਅੱਧੀ ਰਕਮ ਐਡਵਾਂਸ ’ਚ ਦੇ ਦਿੱਤੀ ਸੀ ਤੇ ਬਾਕੀ ਦੀ ਰਕਮ ਨਹੀਂ ਦਿੱਤੀ, ਕਿਉਂਕਿ ਗੋਲੀ ਚਲਾਉਣ ’ਚ ਬੈਂਕ ਮੈਨੇਜਰ ਬਚ ਗਿਆ ਸੀ। ਪੁਲਿਸ ਨੇ ਦੀਪਕ ਮਹਿਰਾ, ਲਲਿਤ ਤੇ ਸੰਦੀਪ ਨੂੰ ਗ੍ਰਿਫ਼ਤਾਰ ਕੀਤਾ ਹੈ। ਦੀਪਕ ਮਹਿਰਾ ਨੇ ਲਲਿਤ, ਸੰਦੀਪ ਤੇ ਉਨ੍ਹਾਂ ਦੇ ਦੋ ਹੋਰ ਦੋਸਤਾਂ ਨੂੰ ਬੈਂਕ ਮੈਨੇਜਰ ’ਤੇ ਗੋਲੀ ਚਲਾਉਣ ਲਈ ਸੁਪਾਰੀ ਦਿੱਤੀ ਸੀ। ਥਾਣਾ ਡਵੀਜ਼ਨ ਨੰ. ਪੰਜ ਦੀ ਪੁਲਿਸ ਹਾਲੇ ਵੀ ਉਨ੍ਹਾਂ ਦੋ ਫਰਾਰ ਨੌਜਵਾਨਾਂ ਬਾਰੇ ਪੁੱਛਗਿੱਛ ਕਰ ਰਹੀ ਹੈ।

Related Articles

Leave a Reply

Your email address will not be published. Required fields are marked *

Back to top button