Punjab

ਬੈਂਕ ਮੁਲਾਜ਼ਮਾਂ ਦੀਆਂ ਧਮਕੀਆਂ ਤੋਂ ਦੁਖੀ ਕਾਰੋਬਾਰੀ ਨੇ ਪਤਨੀ ਸਣੇ ਕੀਤੀ ਖੁਦਕੁਸ਼ੀ, ਬੈਂਕ ਦੇ ਨਾਂਅ ਲਿਖਿਆ ਸੁਸਾਈਡ ਨੋਟ

ਲੁਧਿਆਣਾ, 26 ਜੂਨ : ਬੈਂਕ ਮੁਲਾਜ਼ਮਾਂ ਦੀਆਂ ਧਮਕੀਆਂ ਤੋਂ ਪਰੇਸ਼ਾਨ ਹੋਏ ਕਾਰੋਬਾਰੀ ਅਤੇ ਉਸ ਦੀ ਪਤਨੀ ਨੇ ਖੁਦਕੁਸ਼ੀ ਕਰ ਲਈ। ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਕਾਰੋਬਾਰੀ ਨੇ ਇੱਕ ਸੁਸਾਈਡ ਨੋਟ ਲਿਖਿਆ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਕਾਰੋਬਾਰੀ ਜਸਵੀਰ ਸਿੰਘ ਨੇ ਸੁਸਾਈਡ ਨੋਟ ਵਿੱਚ ਲਿਖਿਆ ਕਿ ਉਸਨੇ ਕੁਝ ਸਮਾਂ ਪਹਿਲਾਂ ਆਈਡੀਐੱਫਸੀ ਬੈਂਕ ਤੋਂ ਕਰਜ਼ਾ ਲਿਆ ਸੀ। ਉਹ ਬੈਂਕ ਦੀਆਂ 55 ਕਿਸ਼ਤਾਂ ਦੇ ਚੁੱਕਾ ਹੈ ਜਦਕਿ ਇਸ ਮਹੀਨੇ ਦੀ ਕਿਸ਼ਤ ਦਾ ਭੁਗਤਾਨ ਨਹੀਂ ਹੋ ਸਕਿਆ। ਉਸਨੇ ਸੁਸਾਈਡ ਨੋਟ ਵਿੱਚ ਲਿਖਿਆ ਕਿ ਆਈਡੀਐੱਫਸੀ ਫਸਟ ਬੈਂਕ ਨੇ ਉਸਦੀ ਇੱਜ਼ਤ ਦਾ ਬਿਲਕੁਲ ਖਿਆਲ ਨਹੀਂ ਕੀਤਾ ਅਤੇ ਉਸਨੂੰ ਹਰ ਰੋਜ਼ ਲਗਾਤਾਰ 200 ਤੋਂ ਵੱਧ ਫੋਨ ਆਉਣ ਲੱਗ ਪਏ। ਬੈਂਕ ਦੇ ਮੁਲਾਜ਼ਮ ਉਸ ਨੂੰ ਲਗਾਤਾਰ ਧਮਕੀਆਂ ਦੇ ਰਹੇ ਸਨ। ਕਾਰੋਬਾਰੀ ਨੇ ਲਿਖਿਆ ਕਿ ਉਹ ਸਮਾਜ ਵਿੱਚ ਰਸੂਖ ਰੱਖਣ ਵਾਲਾ ਅੰਮ੍ਰਿਤਧਾਰੀ ਵਿਅਕਤੀ ਹੈ। ਉਸਨੇ ਸਪੱਸ਼ਟ ਕੀਤਾ ਕਿ ਉਹ ਬੈਂਕ ਦੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਆਪਣੀ ਪਤਨੀ ਸਮੇਤ ਮੌਤ ਨੂੰ ਗਲੇ ਲਗਾ ਰਿਹਾ ਹੈ। ਜਾਣਕਾਰੀ ਤੋਂ ਬਾਅਦ ਮੌਕੇ ‘ਤੇ ਪਹੁੰਚੇ ਏਡੀਸੀਪੀ ਸਮੀਰ ਵਰਮਾ ਨੇ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਪੁਲਿਸ ਜਲਦੀ ਹੀ ਐੱਫਆਈਆਰ ਦਰਜ ਕਰੇਗੀ।

Related Articles

Leave a Reply

Your email address will not be published. Required fields are marked *

Back to top button