
ਜਲੰਧਰ ਕੈਂਟ, 10 ਮਈ- ਰਾਸ਼ਟਰੀ ਰਾਜ ਮਾਰਗ ‘ਤੇ ਬੇਕਾਬੂ ਹੋਏ ਇੱਕ ਕੰਟੇਨਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ । ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਾਰ ਚਾਲਕ ਸਾਬਕਾ ਪੁਲਿਸ ਕਰਮਚਾਰੀ ਤੇ ਟਰੱਕ ਚਾਲਕ ਦੇ ਗੰਭੀਰ ਸੱਟਾਂ ਲੱਗੀਆਂ ਹਨ । ਮਿਲੀ ਜਾਣਕਾਰੀ ਮੁਤਾਬਿਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੰਟੇਨਰ ਟਰੱਕ ਜਲੰਧਰ ‘ਚ ਸਾਮਾਨ ਉਤਾਰਨ ਤੋਂ ਬਾਅਦ ਵਾਪਸ ਲੁਧਿਆਣਾ ਜਾ ਰਿਹਾ ਸੀ ਤਾਂ ਅਚਾਨਕ ਟਰੱਕ ਬੇਕਾਬੂ ਹੋ ਕੇ ਫਲਾਈਓਵਰ ਤੋਂ ਸਰਵਿਸ ਲੇਨ ‘ਤੇ ਜਾ ਉੱਤਰਿਆ । ਇਸ ਦੌਰਾਨ ਟਰੱਕ ਦੀ ਟੱਕਰ ਬਰੇਜਾ ਗੱਡੀ ਦੇ ਨਾਲ ਹੋ ਗਈ, ਜਿਸਨੂੰ ਰਿਟਾਇਰਡ ਇੰਸਪੈਕਟਰ ਬਲਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕਪੂਰਥਲਾ ਚਲਾ ਰਿਹਾ ਸੀ । ਹਾਦਸੇ ਦੌਰਾਨ ਕਾਰ ਚਾਲਕ ਬਲਜੀਤ ਸਿੰਘ ਦੇ ਸੱਟਾਂ ਲੱਗੀਆਂ ਅਤੇ ਬਰੇਜਾ ਗੱਡੀ ਵੀ ਨੁਕਸਾਨੀ ਗਈ । ਜਾਣਕਾਰੀ ਮੁਤਾਬਿਕ ਬਲਜੀਤ ਸਿੰਘ ਆਪਣੇ ਸਾਧਨ ਰਾਹੀਂ ਇਲਾਜ ਲਈ ਕਿਸੇ ਹਸਪਤਾਲ ਚਲੇ ਗਏ ਸਨ ਜਦਕਿ ਕੰਟੇਨਰ ਟਰੱਕ ਚਲਾ ਰਹੇ ਡਰਾਈਵਰ ਰੇਸ਼ਮ ਸਿੰਘ ਵਾਸੀ ਦੁੱਗਰੀ, ਲੁਧਿਆਣਾ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸਨੂੰ ਕਿ ਇਲਾਜ ਲਈ ਜੌਹਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਚੌਂਕੀ ਪਰਾਗਪੁਰ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤੇ ਹਾਦਸੇ ਕਾਰਨ ਲੱਗੇ ਟ੍ਰੈਫਿਕ ਜਾਮ ਨੂੰ ਤੁਰੰਤ ਹਟਵਾਇਆ ਅਤੇ ਜ਼ਖਮੀ ਕੰਟੇਨਰ ਟਰੱਕ ਚਾਲਕ ਨੂੰ ਹਸਪਤਾਲ ਦਾਖ਼ਲ ਕਰਵਾਇਆ। ਇਸ ਸਬੰਧੀ ਗੱਲਬਾਤ ਕਰਦਿਆਂ ਚੌਂਕੀ ਪਰਾਗਪੁਰ ਦੇ ਜਾਂਚ ਅਧਿਕਾਰੀ ਏਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਹੋਏ ਵਾਹਨ ਕਬੳਏ ਵਿੱਚ ਲੈ ਲਏ ਗਏ ਹਨ ਅਤੇ ਟਰੱਕ ਚਾਲਕ ਰੇਸ਼ਮ ਸਿੰਘ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



