
ਖੰਨਾ, 20 ਸਤੰਬਰ : ਖੰਨਾ ਪੁਲਿਸ ਨੇ ਇਕ ਅਗਵਾ ਹੋਇਆ ਬੱਚਾ ਬਰਾਮਦ ਕਰ ਕੇ ਮਾਪਿਆਂ ਹਵਾਲੇ ਕੀਤਾ ਗਿਆ। ਇਕ ਬੇਔਲਾਦ ਜੋੜੇ ਵੱਲੋਂ ਅਗਵਾਕਾਰਾਂ ਤੋਂ ਬੱਚਾ ਖ਼ਰੀਦਿਆਂ ਗਿਆ। ਖੰਨਾ ਪੁਲਿਸ ਨੇ 12 ਘੰਟਿਆਂ ’ਚ ਬੱਚਾ ਬਰਾਮਦ ਕਰ ਲਿਆ। ਤਿੰਨ ਸਾਲ ਦਾ ਅਗਵਾ ਬੱਚਾ ਹਰਿਆਣਾ ਦੇ ਸਿਰਸਾ ਤੋਂ ਮਿਲਿਆ, ਜਿਸ ਨੂੰ ਗੁਆਂਢੀ ਨੌਜਵਾਨਾਂ ਨੇ ਅਗਵਾ ਕਰ ਕੇ 1.29 ਲੱਖ ਰੁਪਏ ’ਚ ਵੇਚ ਦਿੱਤਾ ਸੀ। ਖੰਨਾ ਤੇ ਸਿਰਸਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ’ਚ ਬੱਚਾ ਬਚਾਇਆ ਤੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਜਾਣਕਾਰੀ ਐੱਸਐੱਸਪੀ ਡਾ. ਜਯੋਤੀ ਯਾਦਵ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਢਾਈ ਸਾਲ ਦਾ ਬੱਚਾ ਪਿੰਡ ਗੜ੍ਹੀ ਤਰਖਾਣਾ ਤੋਂ ਅਗਵਾ ਕੀਤਾ ਗਿਆ ਸੀ। ਪੁਲਿਸ ਨੇ ਅਗਵਾਕਾਰਾਂ ਸਮੇਤ ਛੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਰਮੇਸ਼ ਕੁਮਾਰ, ਚੰਦਨ ਸਾਹਨੀ, ਬਬੀਤਾ, ਜੈਨਾਥ ਵਾਸੀ ਗੜ੍ਹੀ ਤਰਖਾਣਾ, ਰੀਟਾ ਤੇ ਸੰਤੋਸ਼ ਸਾਹਨੀ, ਵਾਸੀ ਦਾਣਾ ਮੰਡੀ, ਸਿਰਸਾ ਵਜੋਂ ਹੋਈ ਹੈ। ਐੱਸਐੱਸਪੀ ਨੇ ਦੱਸਿਆ ਕਿ ਜਦੋਂ ਪੁਲਿਸ ਨੂੰ ਮਾਛੀਵਾੜਾ ਨੇੜੇ ਗੜ੍ਹੀ ਤਰਖਾਣਾ ਪਿੰਡ ਵਾਸੀ ਪਰਵਾਸੀ ਮਜ਼ਦੂਰ ਵਿਕਾਸ ਸਾਹਨੀ ਦੇ 3 ਸਾਲਾ ਪੁੱਤਰ ਲਕਸ਼ ਕੁਮਾਰ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਮਾਮਲਾ ਦਰਜ ਕੀਤਾ ਤੇ ਬੱਚੇ ਦੀ ਭਾਲ ਲਈ ਟੀਮਾਂ ਬਣਾਈਆਂ। ਪੁਲਿਸ ਟੀਮਾਂ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤੇ ਪਾਇਆ ਕਿ ਬੱਚਾ ਆਪਣੀ ਦਾਦੀ ਨਾਲ ਨੇੜਲੀ ਦੁਕਾਨ ‘ਤੇ ਗਿਆ ਸੀ ਅਤੇ ਇਕੱਲਾ ਘਰ ਵਾਪਸ ਆ ਰਿਹਾ ਸੀ, ਜਦੋਂ ਉਸ ਨੂੰ ਦੋ ਸ਼ੱਕੀਆਂ ਨੇ ਅਗਵਾ ਕਰ ਲਿਆ। ਜਦੋਂ ਪੁਲਿਸ ਨੇ ਦੋ ਅਗਵਾਕਾਰਾਂ ਰਮੇਸ਼ ਕੁਮਾਰ ਤੇ ਚੰਦਨ ਸਾਹਨੀ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਖੁਲਾਸਾ ਕੀਤਾ ਕਿ ਬੱਚੇ ਨੂੰ ਬਬੀਤਾ ਤੇ ਜੈਨਾਥ ਦੇ ਕਹਿਣ ‘ਤੇ ਅਗਵਾ ਕੀਤਾ ਗਿਆ ਸੀ, ਜਿਨ੍ਹਾਂ ਫਿਰ ਬੱਚੇ ਨੂੰ ਬਬੀਤਾ ਦੀ ਭੈਣ ਰੀਟਾ ਤੇ ਉਸ ਦੇ ਪਤੀ ਸੰਤੋਸ਼ ਸਾਹਨੀ ਨੂੰ ਵੇਚ ਦਿੱਤਾ। ਰੀਟਾ ਤੇ ਸੰਤੋਸ਼ ਸਾਹਨੀ ਬੱਚੇ ਨੂੰ ਸਿਰਸਾ ਲੈ ਗਏ, ਜਿੱਥੇ ਪੁਲਿਸ ਟੀਮਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਅਗਵਾ ਕੀਤੇ ਬੱਚੇ ਨੂੰ ਬਰਾਮਦ ਕਰ ਲਿਆ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਰੀਟਾ ਤੇ ਸੰਤੋਸ਼ ਸਾਹਨੀ ਬੇਔਲਾਦ ਸਨ ਅਤੇ ਉਨ੍ਹਾਂ ਬੱਚੇ ਨੂੰ 1,29,000 ਰੁਪਏ ’ਚ ਖ਼ਰੀਦਿਆ ਸੀ। ਉਨ੍ਹਾਂ ਅਗਵਾਕਾਰਾਂ ਨੂੰ ਗੂਗਲ ਪੇਅ ਰਾਹੀਂ 9,000 ਰੁਪਏ ਤੇ 50,000 ਰੁਪਏ ਨਕਦ ਦਿੱਤੇ, ਬਾਕੀ ਹੋਰ ਰਕਮ ਨਕਦ ਦੇਣੀ ਸੀ। ਐੱਸਐੱਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸਐੱਸਪੀ ਡਾ. ਯਾਦਵ ਨੇ ਦੱਸਿਆ ਕਿ ਰਮੇਸ਼ ਕੁਮਾਰ ਤੇ ਚੰਦਨ ਸਾਹਨੀ, ਜਿਨ੍ਹਾਂ ਬੱਚੇ ਲਕਸ਼ ਕੁਮਾਰ ਨੂੰ ਅਗਵਾ ਕੀਤਾ ਸੀ, ਪਰਿਵਾਰ ਦੇ ਗੁਆਂਢੀ ਹਨ। ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਸ਼ੱਕ ਤੋਂ ਬਚਣ ਲਈ ਪਰਿਵਾਰ ਨਾਲ ਬੱਚੇ ਦੀ ਭਾਲ ਜਾਰੀ ਰੱਖੀ। ਸ਼ੁਰੂਆਤੀ ਜਾਂਚ ਦੌਰਾਨ ਉਹ ਪੁਲਿਸ ‘ਤੇ ਨਜ਼ਰ ਰੱਖ ਰਹੇ ਸਨ ਪਰ ਅਗਵਾ ਹੋਣ ਦੇ ਕੁਝ ਘੰਟਿਆਂ ਅੰਦਰ ਉਹ ਆਪਣੇ ਹੀ ਜਾਲ ’ਚ ਫਸ ਗਏ। ਪੈਸਿਆਂ ਦੇ ਲਾਲਚ ’ਚ ਆ ਕੇ ਇਨ੍ਹਾਂ ਆਪਣੇ ਹੀ ਗੁਆਂਢੀਆਂ ਨੇ ਬੱਚੇ ਨੂੰ ਅਗਵਾ ਕਰ ਕੇ ਵੇਚ ਦਿੱਤਾ।



