
ਲੁਧਿਆਣਾ, 19 ਜਨਵਰੀ– ਸਨਅਤੀ ਸ਼ਹਿਰ ਲੁਧਿਆਣਾ ’ਚੋਂ ਨਿਕਲ ਸਤਲੁਜ ’ਚ ਮਿਲਦੇ ਬੁੱਢੇ ਦਰਿਆ ’ਤੇ ਲੱਗਦੇ ਬਿਮਾਰੀਆਂ ਵੰਡਣ ਦੇ ਕਲੰਕ ਨੂੰ ਧੋਣ ਲਈ ਪੰਜਾਬ ਸਰਕਾਰ ਸਮੇਤ ਵਾਤਾਵਰਣ ਪ੍ਰੇਮੀ ਤੇ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਲਗਾਤਾਰ ਉਪਰਾਲੇ ਜਾਰੀ ਹਨ, ਜਿਨ੍ਹਾਂ ਦੇ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ। ਦੱਸਣਾ ਬਣਦਾ ਹੈ ਕਿ ਗਊਘਾਟ ਦੇ ਨੇੜੇ ਬਿਨ੍ਹੇ ਟਰੀਟ ਕੀਤੇ ਗਿਰਦੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਦਾ ਪਿਛਲੇ ਲੰਮੇ ਸਮੇਂ ਤੋਂ ਹੱਲ ਨਹੀਂ ਹੋ ਰਿਹਾ ਸੀ, ਜਿਸ ਨੂੰ ਦੇਖਦੇ ਹੋਏ ਇਸ ਦੇ ਹੱਲ ਦਾ ਜ਼ਿੰਮਾ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਚੁੱਕਿਆ, ਜਿਨ੍ਹਾਂ ਵੱਲੋਂ 2 ਹੀ ਹਫਤਿਆਂ ’ਚ ਆਪਣੇ ਮਾਣਭੱਤੇ ਤੇ ਕਾਰ ਸੇਵਾ ਨਾਲ ਪੰਪਿੰਗ ਸਟੇਸ਼ਨ ਸ਼ੁਰੂ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਹੁਣ ਹੋਰ 2 ਮੋਟਰਾਂ ਚੱਲਣ ਨਾਲ ਬੁੱਢੇ ਦਰਿਆ ’ਚ ਇਸ ਪੁਆਇੰਟ ਤੋਂ ਪੈਂਦਾ ਗੰਦਾ ਪਾਣੀ ਪੂਰੀ ਤਰ੍ਹਾਂ ਬੰਦ ਹੋ ਗਿਆ। ਹੁਣ ਇਹ ਸੀਵਰੇਜ ਦਾ ਸਾਰਾ ਪਾਣੀ ਜਮਾਲਪੁਰ ਸਥਿਤ 225 ਐੱਮਐੱਲਡੀ ਟਰੀਟਮੈਂਟ ਪਲਾਂਟ ’ਤੇ ਜਾ ਕੇ ਸਾਫ਼ ਹੋਵੇਗਾ। ਇਸ ਕੰਮ ਦੀ ਸ਼ੁਰੂਆਤ ਐਤਵਾਰ ਨੂੰ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ’ਚ ਪੈ ਰਹੇ ਗੰਦੇ ਪਾਣੀ ਨੂੰ ਬੰਨ੍ਹ ਮਾਰ ਕੇ ਕੀਤੀ। ਇਸ ਕਾਰਵਾਈ ਨੂੰ ਬੁੱਢੇ ਦਰਿਆ ’ਚ ਪੈ ਰਹੇ ਗੰਦੇ ਪਾਣੀ ਨੂੰ ਰੋਕਣ ਲਈ ਸਭ ਤੋਂ ਵੱਡੀ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ। ਦੱਸਣਾ ਬਣਦਾ ਹੈ ਕਿ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਦੀ ਕਾਰ ਸੇਵਾ ਦਾ ਦੂਜਾ ਪੜਾਅ 22 ਦਸੰਬਰ ਨੂੰ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਸੰਗਤ ਨਾਲ ਮਿਲ ਕੇ ਗਊਘਾਟ ਨਜ਼ਦੀਕ ਪੰਪਿੰਗ ਸਟੇਸ਼ਨ ਦਾ ਨਿਰਮਾਣ ਕਰਵਾ ਬੁੱਢੇ ਦਰਿਆ ’ਚ ਗਿਰਦੇ ਗੰਦੇ ਪਾਣੀ ਦਾ ਮਸਲਾ ਹੱਲ ਕੀਤਾ, ਜਿਸ ਲਈ 2 ਦਿਨ ਪਹਿਲਾਂ ਉਨ੍ਹਾਂ ਇੱਕ ਮੋਟਰ ਸ਼ੁਰੂ ਕਰ ਦਿੱਤੀ ਸੀ ਤੇ ਬਾਕੀ ਰਹਿੰਦੀਆਂ 2 ਮੋਟਰਾਂ ਨੂੰ ਵੀ ਅੱਜ ਸ਼ੁਰੂ ਕਰ ਕੇ ਦਰਿਆ ’ਚ ਗਿਰਦੇ ਗੰਦੇ ਪਾਣੀ ਨੂੰ ਬੰਦ ਕੀਤਾ। ਬੁੱਢੇ ਦਰਿਆ ’ਚ ਪੈ ਰਹੇ ਗੰਦੇ ਪਾਣੀ ਨੂੰ ਸੰਤ ਸੀਚੇਵਾਲ ਵੱਲੋਂ ਪਵਿੱਤਰ ਕਾਲੀ ਵੇਈਂ ਦੀ ਤਰ੍ਹਾਂ ਹੀ ਬੰਨ੍ਹ ਮਾਰ ਕੇ ਰੋਕ ਦਿੱਤਾ ਗਿਆ ਹੈ। ਅੱਜ 2 ਮੋਟਰਾਂ ਸ਼ੁਰੂ ਕਰਨ ਤੋਂ ਪਹਿਲਾਂ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਗੁਰਦੁਆਰਾ ਗਊਘਾਟ ਵਿਖੇ ਅਰਦਾਸ ਬੇਨਤੀ ਕੀਤੀ ਤੇ ਪਰਮਾਤਮਾ ਤੋਂ ਬੁੱਢਾ ਦਰਿਆ ਮੁੜ ਸੁਰਜੀਤੀ ਦੀ ਕਾਮਨਾ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ’ਚ ਵਗਦੀਆਂ ਨਦੀਆਂ ਤੇ ਦਰਿਆਵਾਂ ਨੂੰ ਪਹਿਲਾਂ ਵਾਂਗ ਸਾਫ਼–ਸੁਥਰੇ ਵਗਣ ਦੀ ਅਰਦਾਸ ਵੀ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੁਦਰਤੀ ਸਰੋਤਾਂ ਨੂੰ ਸੁਰਜੀਤ ਰੱਖਣਾ ਤੇ ਉਨ੍ਹਾਂ ਦੀ ਰਾਖੀ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ, ਜਿਸ ਨੂੰ ਹਰ ਇਨਸਾਨ ਨੂੰ ਪੂਰਾ ਕਰਨਾ ਚਾਹੀਦਾ ਹੈ। ਹੁਣ ਦੇਖਣਾ ਹੋਵੇਗਾ ਕਿ ਦੂਜੇ ਪੜਾਅ ਤਹਿਤ ਲਗਾਤਾਰ ਬੁੱਢੇ ਦਰਿਆ ’ਚ ਗਿਰਦੇ ਗੰਦੇ ਪਾਣੀ ਨੂੰ ਬੰਨ੍ਹ ਮਰਵਾ ਰਹੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦਾ ਬੁੱਢਾ ਦਰਿਆ ਮੁੜ ਸੁਰਜੀਤੀ ਪ੍ਰਾਜੈਕਟ ਤਹਿਤ ਅਗਲਾ ਕਦਮ ਕੀ ਹੋਵੇਗਾ।



