
ਲੁਧਿਆਣਾ, 27 ਅਗਸਤ : ਲੁਧਿਆਣਾ ਪਿਛਲੇ 3 ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਪੂਰਾ ਸ਼ਹਿਰ ਜਲਮਗਨ ਹੋ ਚੁੱਕਾ ਹੈ। ਇਸ ਦੌਰਾਨ ਬੁੱਢਾ ਦਰਿਆ ਵੀ ਉਫਾਨ ’ਤੇ ਆ ਗਿਆ ਹੈ। ਹਾਲਾਂਕਿ ਬੁੱਢਾ ਦਰਿਆ ਦੀ ਸਥਿਤੀ ਨਗਰ ਨਿਗਮ ਦੇ ਕੰਟਰੋਲ ’ਚ ਹੈ ਪਰ ਇਹ ਸਥਿਤੀ ਪੂਰੀ ਤਰ੍ਹਾਂ ਸਤਲੁਜ ਦਰਿਆ ’ਤੇ ਨਿਰਭਰ ਕਰਦੀ ਹੈ, ਜੇਕਰ ਸਤਲੁਜ ਦਰਿਆ ਦਾ ਜਲ ਪੱਧਰ ਉੱਪਰ ਵਧਦਾ ਹੈ ਤਾਂ ਬੁੱਢਾ ਦਰਿਆ ਦਾ ਵਹਾਅ ਰੁਕ ਜਾਵੇਗਾ ਤੇ ਇਕ ਵਾਰ ਫਿਰ ਸ਼ਹਿਰ ’ਚ 2023 ਵਰਗੇ ਹਾਲਾਤ ਬਣ ਸਕਦੇ ਹਨ। ਅਜਿਹੇ ਹਾਲਾਤ ਜ਼ਿਆਦਾਤਰ ਸਤਲੁਜ ਦਰਿਆ ’ਚ 50 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਆਉਣ ’ਤੇ ਬਣਦੇ ਹਨ। ਹਾਲਾਂਕਿ ਨਗਰ ਨਿਗਮ ਦੇ ਓਐਂਡਐੱਮ ਬ੍ਰਾਂਚ ਵੱਲੋਂ ਬੁੱਢਾ ਦਰਿਆ ’ਤੇ ਜੂਨੀਅਰ ਇੰਜੀਨੀਅਰਾਂ ਤੋਂ ਲੈ ਕੇ ਐੱਸਡੀਓ ਪੱਧਰ ਦੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਅਣਚਾਹੀ ਸਥਿਤੀ ਨੂੰ ਸਮੇਂ ’ਤੇ ਰੋਕਿਆ ਜਾ ਸਕੇ। ਗੌਰਤਲਬ ਹੈ ਕਿ ਬੁੱਢਾ ਦਰਿਆ ਸ਼ਹਿਰ ਦੀ ਸੀਮਾ ਦੇ ਅੰਦਰੋਂ 14 ਕਿਲੋਮੀਟਰ ਲੰਬਾ ਸਫਰ ਕਰਦਾ ਹੈ, ਜੋ ਕਿ ਅੱਗੇ ਜਾ ਕੇ ਪਿੰਡ ਵਲੀਪੁਰ ’ਚ ਸਤਲੁਜ ਦਰਿਆ ਨਾਲ ਮਿਲ ਜਾਂਦਾ ਹੈ। ਬੁੱਢਾ ਦਰਿਆ ਦਾ ਪਾਣੀ ਪਿੰਡ ਵਲੀਪੁਰ ’ਚ ਸਤਲੁਜ ਦਰਿਆ ’ਚ ਡਿੱਗਦਾ ਹੈ ਪਰ ਬਰਸਾਤ ਦੇ ਮੌਸਮ ’ਚ ਜਦੋਂ ਸਤਲੁਜ ਦਰਿਆ ਉਫਾਨ ਤੇ ਆਉਂਦਾ ਹੈ ਤਾਂ ਬੁੱਢਾ ਦਰਿਆ ਦੇ ਪਾਣੀ ਦਾ ਵਹਾਅ ਰੁਕ ਜਾਂਦਾ ਹੈ। ਸਤਲੁਜ ਦਰਿਆ ਦਾ ਪਾਣੀ ਬੁੱਢਾ ਦਰਿਆ ਵੱਲ ਆਉਣਾ ਸ਼ੁਰੂ ਕਰ ਦਿੰਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਬੁੱਢਾ ਦਰਿਆ ਦੇ ਪਾਣੀ ਦਾ ਵਹਾਅ ਰੁਕ ਜਾਂਦਾ ਹੈ। ਸ਼ਹਿਰ ਦੇ ਇਲਾਕੇ ’ਚ ਬੁੱਢਾ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਸ਼ਹਿਰ ’ਚ ਦਾਖਲ ਹੋ ਜਾਂਦਾ ਹੈ। ਸਾਲ 2023 ’ਚ ਕੁਝ ਇਸੇ ਤਰ੍ਹਾਂ ਹੋਇਆ ਸੀ, ਜਦੋਂ ਸਤਲੁਜ ਦਰਿਆ ਉਫਾਨ ਤੇ ਆਇਆ ਸੀ ਤਾਂ ਬੁੱਢਾ ਦਰਿਆ ਦਾ ਵਹਾਅ ਰੁਕ ਗਿਆ ਸੀ। ਇਸ ਕਾਰਨ ਬੁੱਢਾ ਦਰਿਆ ਦਾ ਪਾਣੀ ਢੋਕੇ ਮੁਹੱਲੇ ਸਮੇਤ ਕਈ ਖੇਤਰਾਂ ’ਚ ਦਾਖਲ ਹੋ ਗਿਆ ਸੀ। ਲੱਗਭਗ 15 ਦਿਨਾਂ ਤੱਕ ਇੱਥੋਂ ਦੇ ਨਿਵਾਸੀ ਕਾਲੇ ਪਾਣੀ ’ਚ ਕੈਦ ਰਹੇ ਸਨ। ਮੰਗਲਵਾਰ ਨੂੰ ਬੁੱਢਾ ਦਰਿਆ ’ਚ ਪਾਣੀ ਪੂਰੇ ਉਫਾਨ ਤੇ ਸੀ ਪਰ ਅਜੇ ਤੱਕ ਇਹ ਸਥਿਤੀ ਨਹੀਂ ਬਣੀ ਕਿ ਇਸ ਨੂੰ ਜ਼ਿਆਦਾ ਖਤਰਨਾਕ ਮੰਨਿਆ ਜਾ ਸਕੇ। ਕੋਟਸ ‘ਬੁੱਢਾ ਦਰਿਆ ਦਾ ਜਲ ਪੱਧਰ ਜ਼ਰੂਰ ਵਧਿਆ ਹੋਇਆ ਹੈ ਪਰ ਸਥਿਤੀ ਪੂਰੀ ਤਰ੍ਹਾਂ ਸਾਡੇ ਕੰਟਰੋਲ ’ਚ ਹੈ। ਦਿਨ-ਰਾਤ ਸਾਡੇ ਮੁਲਾਜ਼ਮ ਬੁੱਢਾ ਦਰਿਆ ਦੀ ਸਥਿਤੀ ’ਤੇ ਨਜ਼ਰ ਰੱਖੇ ਹੋਏ ਹਨ। ਇਸ ਤੋਂ ਇਲਾਵਾ ਹੋਰ ਵਿਭਾਗਾਂ ਨਾਲ ਵੀ ਤਾਲਮੇਲ ਪੂਰਾ ਰੱਖਿਆ ਗਿਆ ਹੈ, ਕਿਉਂਕਿ ਬੁੱਢਾ ਦਰਿਆ ਸ਼ਹਿਰ ਦੇ ਇਲਾਕੇ ਤੋਂ ਪਿੱਛੇ ਸਮਰਾਲਾ ਤੋਂ ਸ਼ੁਰੂ ਹੋ ਕੇ ਮਾਛੀਵਾਡਾ ਸਾਹਿਬ ਇਲਾਕੇ ਦਾ ਪਾਣੀ ਲੈ ਕੇ ਇੱਥੇ ਆਉਂਦਾ ਹੈ। ਇਸ ਲਈ ਇਸ ਦੇ ਜਲ ਪੱਧਰ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। – ਪੁਰਸ਼ੋਤਮ ਕੁਮਾਰ, ਐੱਸਈ ਓਐਂਡਐੱਮ ਬ੍ਰਾਂਚ — ਬਾਕਸ– ਸਤਲੁਜ ਦੇ ਕਿਨਾਰੇ ਟੁੱਟਣ ਦਾ ਖਤਰਾ, ਸਾਵਧਾਨੀ ਵਜੋਂ ਮਿੱਟੀ ਦੇ ਗੱਟੇ ਭਰ ਰਿਹਾ ਪ੍ਰਸ਼ਾਸਨ ਪਾਣੀ ਦਾ ਪੱਧਰ ਵਧਣ ਕਾਰਨ ਪਰੇਸ਼ਾਨ ਹੋਏ ਕਿਨਾਰੇ ’ਤੇ ਵਸੇ ਲੋਕ ਪੰਜਾਬ ਤੇ ਪਹਾੜੀ ਰਾਜਾਂ ’ਚ ਹੋ ਰਹੀ ਬਰਸਾਤ ਕਾਰਨ ਸਤਲੁਜ ’ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਸਤਲੁਜ ਦੇ ਕਿਨਾਰੇ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਖਤਰੇ ਨੂੰ ਸਮਝਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਸਤਲੁਜ ਦੇ ਕਿਨਾਰੇ ਵਸੇ ਪਿੰਡਾਂ ਦੇ ਲੋਕ ਵੀ ਇਸ ਕੰਮ ’ਚ ਸ਼ਾਮਲ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਲਾਸਟਿਕ ਦੇ ਗੱਟੇ ਮਿੱਟੀ ਨਾਲ ਭਰ ਕੇ ਸਤਲੁਜ ਦੇ ਨੇੜੇ ਹੀ ਰੱਖੇ ਗਏ ਹਨ ਤਾਂ ਜੋ ਜ਼ਰੂਰਤ ਪੈਣ ’ਤੇ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕੇ। ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਦੇ ਬਾਅਦ ਦੇਰ ਰਾਤ ਸਤਲੁਜ ’ਚ 60 ਹਜ਼ਾਰ ਕਿਊਸਿਕ ਪਾਣੀ ਵਹਿ ਰਿਹਾ ਸੀ। ਸਵੇਰੇ ਇਹ ਪਾਣੀ 55 ਹਜ਼ਾਰ ਕਿਊਸਿਕ ਰਹਿ ਗਿਆ ਤੇ ਬਾਅਦ ਦੁਪਹਿਰ ਸਤਲੁਜ ’ਚ 50 ਹਜ਼ਾਰ ਕਿਊਸਿਕ ਤੱਕ ਪਾਣੀ ਵਹਿ ਰਿਹਾ ਸੀ, ਜਿਸ ਕਾਰਨ ਹਾਲੇ ਤੱਕ ਹੜ੍ਹ ਦਾ ਖ਼ਤਰਾ ਨਹੀਂ ਹੈ ਪਰ ਕਿਸੇ ਵੀ ਥਾਂ ਕਿਨਾਰੇ ਟੁੱਟਣ ਦਾ ਡਰ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਸਾਵਧਾਨੀ ਵਰਤੀ ਜਾ ਰਹੀ ਹੈ। ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੀ ਲਗਾਤਾਰ ਨਜ਼ਰ ਸਤਲੁਜ ਦੇ ਕਿਨਾਰਿਆਂ ’ਤੇ ਬਣੀ ਹੋਈ ਹੈ। ਸ਼ਹਿਰ ਦੇ ਪਿੰਡਾਂ ਮੱਤੇਵਾੜਾ, ਸ਼ਨੀਗਾਉਂ ਮੰਦਰ ਖੇਤਰ, ਤਲਵੰਡੀ ਕਲਾਂ ਸਮੇਤ ਦਰਜਨ ਭਰ ਪਿੰਡਾਂ ਦੇ ਲੋਕਾਂ ਨੂੰ ਸਤਲੁਜ ਦੇ ਕਿਨਾਰਿਆਂ ’ਤੇ ਲਗਾਤਾਰ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਸਿੰਚਾਈ ਵਿਭਾਗ ਦੇ ਨਾਲ-ਨਾਲ, ਪੁਲਿਸ ਵਿਭਾਗ ਨੂੰ ਵੀ ਅਲਰਟ ਰੱਖਿਆ ਗਿਆ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦਾ ਕਹਿਣਾ ਹੈ ਕਿ ਸਤਲੁਜ ’ਚ ਪਾਣੀ ਲਗਾਤਾਰ ਵਧ ਰਿਹਾ ਹੈ ਪਰ ਅਜੇ ਖਤਰੇ ਦੀ ਕੋਈ ਗੱਲ ਨਹੀਂ ਹੈ। ਅਸੀਂ ਲਗਾਤਾਰ ਸਤਲੁਜ ਦੇ ਪਾਣੀ ਤੇ ਨਜ਼ਰ ਰੱਖੇ ਹੋਏ ਹਾਂ। ਸਾਵਧਾਨੀ ਵਜੋਂ ਹਰ ਤਰ੍ਹਾਂ ਦੇ ਬੰਦੋਬਸਤ ਕੀਤੇ ਜਾ ਰਹੇ ਹਨ। ਬਾਕਸ– ਖਰਾਬ ਮੌਸਮ ਕਾਰਨ 4 ਦਿਨ ਸਕੂਲ ਬੰਦ, ਆਨਲਾਈਨ ਜਾਰੀ ਰਹਿਣਗੀਆਂ ਕਲਾਸਾਂ ਖਰਾਬ ਮੌਸਮ ਤੇ ਭਾਰੀ ਬਰਸਾਤ ਦੀ ਸੰਭਾਵਨਾ ਕਾਰਨ ਸਰਕਾਰ ਵੱਲੋਂ ਸੂਬੇ ਭਰ ਦੇ ਸਾਰੇ ਸਰਕਾਰੀ, ਪ੍ਰਾਈਵੇਟ ਤੇ ਐਡਿਡ ਸਕੂਲਾਂ ਨੂੰ ਬੁੱਧਵਾਰ ਤੋਂ ਸ਼ਨੀਵਾਰ ਤੱਕ ਬੰਦ ਰੱਖਣ ਦੀ ਐਲਾਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ ਰਹਿਣਗੇ। ਇੱਥੇ ਦੇ ਸਕੂਲਾਂ ਨੇ ਆਨਲਾਈਨ ਕਲਾਸਾਂ ਜਾਰੀ ਰੱਖਣ ਦੀ ਗੱਲ ਕੀਤੀ ਹੈ। ਸਕੂਲਾਂ ਵੱਲੋਂ ਮੰਗਲਵਾਰ ਸ਼ਾਮ ਨੂੰ ਵਿਦਿਆਰਥੀਆਂ ਦੇ ਗਰੁੱਪਾਂ ’ਚ ਮੈਸੇਜ ਭੇਜੇ ਗਏ, ਜਿਸ ’ਚ ਬੁੱਧਵਾਰ ਤੋਂ ਆਨਲਾਈਨ ਕਲਾਸਾਂ ਜਾਰੀ ਰੱਖਣ ਦਾ ਸ਼ੈਡਿਊਲ ਜਾਰੀ ਕੀਤਾ ਗਿਆ। ਇਕ ਦੇ ਬਾਅਦ ਇਕ ਸਕੂਲਾਂ ਦੇ ਮੈਸੇਜ ਆਉਂਦੇ ਰਹੇ। ਬਾਕਸ– ਕੁਝ ਸਕੂਲਾਂ ’ਚ ਬਣੀ ਰਹੀ ਸ਼ਸ਼ੋਪੰਜ ਦੀ ਸਥਿਤੀ ਸਰਕਾਰੀ ਸਕੂਲਾਂ ਦੇ ਕਲਾਸ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੀ ਰੀ-ਅਪੀਅਰ ਪ੍ਰੀਖਿਆਵਾਂ ਚੱਲ ਰਹੀਆਂ ਹਨ। ਇਸ ਲਈ ਸ਼ਹਿਰ ’ਚ 4 ਸਕੂਲਾਂ ’ਚ ਸੈਂਟਰ ਬਣੇ ਹੋਏ ਹਨ। ਸਕੂਲਾਂ ’ਚ ਦੇਰ ਸ਼ਾਮ ਤੱਕ ਇਸ ਗੱਲ ਨੂੰ ਲੈ ਕੇ ਸ਼ਸ਼ੋਪੰਜ ਬਣਿਆ ਰਹਿਆ ਕਿ ਸਰਕਾਰ ਵੱਲੋਂ ਤਾਂ ਖਰਾਬ ਮੌਸਮ ਦੇ ਮੱਦੇਨਜ਼ਰ ਸਕੂਲਾਂ ’ਚ ਛੁੱਟੀਆਂ ਐਲਾਨ ਕਰ ਦਿੱਤੀਆਂ ਗਈਆਂ ਹਨ ਪਰ ਰੀ-ਅਪੀਅਰ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਜਾਰੀ ਰਹਿਣਗੀਆਂ ਜਾਂ ਉਹ ਵੀ ਅੱਗੇ ਟਾਲ ਦਿੱਤੀਆਂ ਜਾਣਗੀਆਂ•। ਇਸ ਬਾਰੇ ਕੁਝ ਜਾਣਕਾਰੀ ਨਹੀਂ ਦਿੱਤੀ ਗਈ। ਰੀ-ਅਪੀਅਰ ਦੀ ਅਜੇ ਤੱਕ 3 ਪ੍ਰੀਖਿਆਵਾਂ ਬਾਕੀ ਹਨ।



