
ਤਲਵਾੜਾ, 11 ਦਸੰਬਰ (ਜਸਵਿੰਦਰ ਸਿੰਘ ਸੰਧੂ)– ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤਲਵਾੜਾ ਦੀ ਪਹਿਲ ਕਦਮੀ ਨਾਲ ਅੱਜ ਬੀ.ਬੀ.ਐਮ.ਬੀ ਹਸਪਤਾਲ ਤਲਵਾੜਾ ਵਿਖੇ ਕੇਅਰ ਬੈਸਟ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਦਿਲ ਦੇ ਰੋਗਾਂ ਦੀ ਜਾਂਚ ਲਈ ਇੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਬੀ.ਬੀ.ਐਮ.ਬੀ ਤਲਵਾੜਾ ਦੇ ਮੁੱਖ ਇੰਜੀਨੀਅਰ ਸ੍ਰੀ ਰਾਕੇਸ਼ ਗੁਪਤਾ ਨੇ ਕੀਤਾ, ਜਿਨ੍ਹਾਂ ਨਾਲ ਉਨ੍ਹਾਂ ਦੇ ਧਰਮ ਪਤਨੀ ਸੀਮਾ ਗੁਪਤਾ ਵੀ ਹਾਜ਼ਰ ਸਨ। ਇਸ ਕੈਂਪ ਵਿੱਚ ਕੇਅਰ ਬੈਸਟ ਹਸਪਤਾਲ ਜਲੰਧਰ ਤੋਂ ਪੰਜਾਬ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ: ਰਮਨ ਚਾਵਲਾ ਵਿਸ਼ੇਸ਼ ਤੌਰ ’ਤੇ ਆਪਣੀਆਂ ਸੇਵਾਵਾਂ ਦੇਣ ਲਈ ਪਹੁੰਚੇ। ਇਸ ਮੌਕੇ ਮੁੱਖ ਇੰਜੀਨੀਅਰ ਸ੍ਰੀ ਰਾਕੇਸ਼ ਗੁਪਤਾ ਨੇ ਡਾ: ਰਮਨ ਚਾਵਲਾ ਦਾ ਇੱਥੇ ਆਉਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਜਿੱਥੇ ਰੋਗਾਂ ਦੀ ਅਗੇਤੀ ਪਹਿਚਾਣ ਕਰਨ ਵਿੱਚ ਸਹਾਇਕ ਸਿੱਧ ਹੁੰਦੇ ਹਨ, ਉੱਥੇ ਹੀ ਇਸ ਨਾਲ ਬਿਮਾਰੀਆਂ ਪ੍ਰਤੀ ਜਨ ਜਾਗਰੂਕਤਾ ਵਧਦੀ ਹੈ। ਉਨ੍ਹਾਂ ਕਿਹਾ ਕਿ ਬੀ.ਬੀ.ਐਮ.ਬੀ ਸਮਾਜਿਕ ਕਾਰਜਾਂ ਵਿੱਚ ਵੀ ਵੱਧ–ਚੜ੍ਹ ਕੇ ਯੋਗਦਾਨ ਪਾ ਰਿਹਾ ਹੈ। ਡਾ: ਰਮਨ ਚਾਵਲਾ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਦਿਲ ਦੇ ਰੋਗ ਨਾ ਹੋਣ, ਇਸ ਲਈ ਚੰਗੀ ਜੀਵਨ ਸ਼ੈਲੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਿਹਤਮੰਦ ਜੀਵਨ ਲਈ ਨਿਯਮਿਤ ਤੌਰ ’ਤੇ ਕਸਰਤ ਕੀਤੀ ਜਾਵੇ ਅਤੇ ਜੀਵਨ ਵਿੱਚੋਂ ਤਣਾਅ ਨੂੰ ਘੱਟ ਕਰਨਾ ਚਾਹੀਦਾ ਹੈ। ਉਨ੍ਹਾਂ ਸਿਹਤਮੰਦ ਜੀਵਨ ਲਈ ਖੁਸ਼ ਰਹੋ, ਕਸਰਤ ਕਰੋ ਦਾ ਮੰਤਰ ਦਿੱਤਾ। ਇਸ ਤੋਂ ਪਹਿਲਾਂ ਹਸਪਤਾਲ ਪਹੁੰਚਣ ’ਤੇ ਪ੍ਰਿੰਸੀਪਲ ਮੈਡੀਕਲ ਅਫ਼ਸਰ ਡਾ: ਸੁਰਿੰਦਰ ਪਾਲ ਸਿੰਘ ਨੇ ਮੁੱਖ ਇੰਜੀਨੀਅਰ ਸ੍ਰੀ ਰਾਕੇਸ਼ ਗੁਪਤਾ ਅਤੇ ਡਾ: ਰਮਨ ਚਾਵਲਾ ਦਾ ਸਵਾਗਤ ਕੀਤਾ। ਮੰਚ ਸੰਚਾਲਨ ਡਾ: ਅਮਰਜੀਤ ਸਿੰਘ ਨੇ ਆਪਣੇ ਵਿਸ਼ੇਸ਼ ਸਾਹਿਤਕ ਅੰਦਾਜ਼ ਵਿੱਚ ਕੀਤਾ। ਕੇਅਰ ਬੈਸਟ ਹਸਪਤਾਲ ਤੋਂ ਡਾ: ਰਮਨ ਚਾਵਲਾ ਤੋਂ ਇਲਾਵਾ ਡਾ: ਇਸਾਨ ਬੱਗਾ ਅਤੇ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ ਬੀ.ਬੀ.ਐਮ.ਬੀ ਹਸਪਤਾਲ ਤੋਂ ਡਾ: ਸੁਖਦੇਵ ਸਿੰਘ, ਡਾ: ਸੋਭਨਾ ਸੋਨੀ ਅਤੇ ਹੋਰ ਡਾਕਟਰ ਵੀ ਹਾਜ਼ਰ ਸਨ। ਤਲਵਾੜਾ ਅਤੇ ਆਸ–ਪਾਸ ਦੇ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਲੋਕ ਇਸ ਕੈਂਪ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ ਮਾਹਿਰ ਡਾਕਟਰਾਂ ਤੋਂ ਆਪਣਾ ਚੈੱਕਅਪ ਕਰਵਾਇਆ। ਲੋਕ ਬੀ.ਬੀ.ਐਮ.ਬੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਸੁਣਾਈ ਦਿੱਤੇ।

ਰੋਗਾਂ ਦੀ ਜਾਂਚ ਲਈ ਲਗਾਏ ਮੁਫ਼ਤ ਕੈਂਪ ਦਾ ਉਦਘਾਟਨ ਕਰਦੇ ਹੋਏ ਬੀ.ਬੀ.ਐਮ.ਬੀ ਤਲਵਾੜਾ ਦੇ ਮੁੱਖ ਇੰਜੀਨੀਅਰ ਸ੍ਰੀ ਰਾਕੇਸ਼ ਗੁਪਤਾ। ਤਸਵੀਰ: ਜਸਵਿੰਦਰ ਸਿੰਘ ਸੰਧੂ



