
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 6 ਜਨਵਰੀ : ਆਮ ਆਦਮੀ ਪਾਰਟੀ ਦੀ ਖ਼ਾਹਿਸ਼ੀ 10 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦੇਣ ਵਾਲੀ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਨੇ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਪਾਰਟੀ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਬੀਮਾ ਕੰਪਨੀ ਨੂੰ ਸਿਰਫ਼ 1 ਲੱਖ ਰੁਪਏ ਦਾ ਹੀ ਬੀਮਾ ਪ੍ਰੀਮੀਅਮ ਅਦਾ ਕਰ ਰਹੀ ਹੈ। ਜਦੋਂ ਸਰਕਾਰ ਇਕ ਲੱਖ ਰੁਪਏ ਦਾ ਹੀ ਪ੍ਰੀਮੀਅਮ ਕੰਪਨੀ ਨੂੰ ਦੇ ਰਹੀ ਹੈ ਤਾਂ ਕੰਪਨੀ 10 ਲੱਖ ਰੁਪਏ ਦਾ ਬੀਮਾ ਕਿਵੇਂ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਦੇ ਤਹਿਤ ਤਿੰਨ ਕਰੋੜ ਦੀ ਆਬਾਦੀ ਲਈ 65 ਲੱਖ ਪਰਿਵਾਰਾਂ ਨੂੰ ਕਵਰ ਕਰਨ ਲਈ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਇਕ ਲੱਖ ਰੁਪਏ ਦਾ ਪ੍ਰੀਮੀਅਮ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ ਜਦਕਿ ਬਾਕੀ ਰਾਸ਼ੀ ਦਾ ਬੋਝ ਸਟੇਟ ਹੈਲਥ ਏਜੰਸੀ ’ਤੇ ਪਾਇਆ ਗਿਆ ਹੈ, ਜਿਸ ਦਾ ਅਰਥ ਹੈ ਕਿ ਇਹ ਭਾਰ ਸੂਬੇ ਦੇ ਖ਼ਜ਼ਾਨੇ ’ਤੇ ਪਵੇਗਾ। ਉਨ੍ਹਾਂ ਸਵਾਲ ਚੁੱਕਿਆ ਕਿ ਜਦੋਂ ਸਰਕਾਰ ਦੇ ਕੋਲ ਬਜ਼ੁਰਗਾਂ ਤੇ ਵਿਧਵਾਵਾਂ ਦੀ ਪੈਨਸ਼ਨ ਦੇਣ ਲਈ ਪੈਸੇ ਨਹੀਂ ਹਨ ਤਾਂ ਸੂਬੇ ਦੇ ਖ਼ਜ਼ਾਨੇ ਤੋਂ ਏਨਾ ਵੱਡਾ ਖ਼ਰਚ ਕਿਵੇਂ ਕੀਤਾ ਜਾਵੇਗਾ? ਭਾਜਪਾ ਨੇਤਾ ਨੇ ਕਿਹਾ ਕਿ ਅੱਜ ਪੰਜਾਬ ਚਾਰ ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ ਦੇ ਬੋਝ ਹੇਠਾਂ ਦੱਬਿਆ ਹੋਇਆ ਹੈ ਅਤੇ ਪ੍ਰਤੀ ਵਿਅਕਤੀ ਕਰਜ਼ ਇਕ ਲੱਖ 23 ਹਜ਼ਾਰ 274 ਰੁਪਏ ਤੱਕ ਪਹੁੰਚ ਚੁੱਕਾ ਹੈ। ਜੀਐੱਸਟੀ ਵਿਚੋਂ ਸੂਬੇ ਦਾ 40.35 ਫ਼ੀਸਦੀ ਹਿੱਸਾ ਘੱਟ ਚੁੱਕਾ ਹੈ। ਇਸ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ’ਤੇ 10,500 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ, ਤਾਂ ਸਮਝ ਤੋਂ ਪਰੇ ਹੈ ਕਿ ਸਰਕਾਰ ਲੋਕਾਂ ਦੇ ਇਲਾਜ ਦਾ ਏਨਾ ਵੱਡਾ ਖ਼ਰਚ ਸੂਬੇ ਦੇ ਖ਼ਜ਼ਾਨੇ ਤੋਂ ਕਿਵੇਂ ਦੇਵੇਗੀ। ਕਾਲੀਆ ਨੇ ਕਿਹਾ ਕਿ ‘ਆਪ’ ਸਰਕਾਰ ਦੀ ਇਹ ਯੋਜਨਾ ਸਿਹਤ ਸੇਵਾ ਨਹੀਂ ਬਲਕਿ ਖੋਖਲੇ ਵਾਅਦਿਆਂ ਤੇ ਗ਼ਲਤ ਦਾਅਵਿਆਂ ਦਾ ਪੁਲੰਦਾ ਹੈ। ਇਸ ਮੌਕੇ ਵਿਨੀਤ ਜੋਸ਼ੀ ਵੀ ਮੌਜੂਦ ਸਨ।



