
ਫਾਜ਼ਿਲਕਾ, 16 ਮਾਰਚ-ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀਐਸਐਫ ਵਲੋਂ ਹੈਰੋਇਨ ਦੇ 10 ਪੈਕੇਟ ਬਰਾਮਦ ਕੀਤੇ ਗਏ ਹਨ। ਬੀਐਸਐਫ 160 ਬਟਾਲੀਅਨ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ‘ਤੇ ਬੀਓਪੀ ਐਨਐਸ ਵਾਲਾ ਨੇੜੇ ਕੀਤੀ। ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਭੇਜੀ ਗਈ ਸੀ। ਜਾਣਕਾਰੀ ਅਨੁਸਾਰ ਬਰਾਮਦ ਕੀਤੀ ਗਈ ਹੈਰੋਇਨ ਦਾ ਭਾਰ 5 ਕਿਲੋ 730 ਗ੍ਰਾਮ ਦੱਸਿਆ ਜਾ ਰਿਹਾ ਹੈ ਤੇ ਤਲਾਸ਼ੀ ਮੁਹਿੰਮ ਜਾਰੀ ਹੈ। ਗੁਪਤ ਸੂਚਨਾ ਮਿਲਣ ਤੋਂ ਬਾਅਦ ਬੀਐਸਐਫ ਵਲੋਂ ਇਲਾਕੇ ਅੰਦਰ ਅਲਰਟ ਜਾਰੀ ਹੈ । ਤੁਹਾਨੂੰ ਦੱਸ ਦੇਈਏ ਕਿ ਸਰਹੱਦ ਨਾਲ ਲੱਗਦੇ ਪਿੰਡ ਅੰਦਰ ਵਿਆਹ ਸਮਾਗਮ ਕਾਰਨ ਪਿੰਡ ਵਿੱਚ ਡੀਜੇ ਵਜ ਰਿਹਾ ਸੀ ਤੇ ਇਸ ਕਾਰਨ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਨੇ 10 ਵਾਰ ਚੱਕਰ ਲਗਾਇਆ ਤੇ ਹੈਰੋਇਨ ਦੇ 10 ਪੈਕੇਟ ਸੁੱਟੇ। ਆਖਰੀ ਵਾਰ ਵਾਪਸ ਆਉਂਦੇ ਸਮੇਂ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਤੇ ਮੌਕੇ ‘ਤੇ ਤਾਇਨਾਤ ਬੀਐਸਐਫ ਜਵਾਨਾਂ ਨੇ ਤੁਰੰਤ ਕਾਰਵਾਈ ਕੀਤੀ। ਜਦੋਂ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਲਈ ਗਈ ਤਾਂ ਇੱਕ ਥਾਂ ਤੋਂ ਇੱਕ ਪੈਕੇਟ ਵਿੱਚੋਂ ਤੇ ਦੂਜੀ ਥਾਂ ਤੋਂ ਇੱਕ ਬੈਗ ਵਿੱਚੋਂ ਲਗਪਗ 9 ਪੈਕੇਟ ਹੈਰੋਇਨ ਬਰਾਮਦ ਹੋਏ। ਅਧਿਕਾਰੀਆਂ ਵਲੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਸ਼ੀ ਬੈਗਾਂ ਵਿੱਚ ਹੈਰੋਇਨ ਭਰ ਰਹੇ ਸਨ। ਬੀਐਸਐਫ ਨੂੰ ਦੇਖ ਕੇ ਉਹ ਆਪਣਾ ਬੈਗ ਮੌਕੇ ‘ਤੇ ਛੱਡ ਕੇ ਭੱਜ ਗਏ ਹਨ। ਫਿਲਹਾਲ ਬੀਐਸਐਫ ਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।



