ਬਿੱਟੂ ਨੇ ਕੱਸਿਆ ਆਪ ਸਰਕਾਰ ‘ਤੇ ਤਨਜ਼, ਕਿਹਾ- Punjab Budget ਨੇ ਸਿਰਫ਼ ਅਪਣੀ ਸਰਕਾਰ ਦੀ ਥਾਪੜੀ ਪਿੱਠ, ਬਦਲਦੇ ਪੰਜਾਬ ਤੋਂ ਲੋਕ ਭਲੀਭਾਂਤ ਜਾਣੂ

ਲੁਧਿਆਣਾ, 26 ਮਾਰਚ-ਆਪ‘ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ (Harpal Cheema) ਵੱਲੋਂ ਸੰਨ 2025-26 ਦੇ ਵਰ੍ਹੇ ਲਈ ਪੇਸ਼ ਕੀਤੇ ਗਏ ਪੰਜਾਬ ਬਜਟ (Punjab Budget) ਵਿੱਚ ਵਿੱਤ ਮੰਤਰੀ ਵੱਲੋਂ ਵਾਰ-ਵਾਰ ਸਿਰਫ਼ ਅਪਣੀ ਸਰਕਾਰ ਦੀ ਹੀ ਪਿੱਠ ਥਾਪੜੀ ਗਈ ਜਿਸ ਤੋਂ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਵੱਲੋਂ ‘ਬਦਲਦੇ ਪੰਜਾਬ‘ ਦੇ ਨਾਅਰੇ ਨੂੰ ਪੇਸ਼ ਕਰਨ ਤੋਂ ਪਹਿਲਾ ਉਨ੍ਹਾਂ ਦੀ ਸਰਕਾਰ ਨੂੰ ਇਹ ਜਾਣ ਲੈਣਾ ਬਹੁਤ ਜ਼ਰੂਰੀ ਸੀ ਕਿ ਪਿਛਲੇ 3 ਸਾਲਾਂ ਦੌਰਾਨ ਪੰਜਾਬ ਕਿੰਨਾ ਪੱਛੜ ਚੁੱਕਿਆ ਹੈ। ਪੰਜਾਬ ਅੰਦਰ ਗੈਂਗਸਟਰ ਰਾਜ ਕਿੰਨਾ ਪ੍ਰਫੁੱਲਤ ਹੋਇਆ ਹੈ। ਨਸ਼ਿਆਂ ਦੇ ਵਧੇ ਕਾਰੋਬਾਰ ਨਾਲ ਕਿੰਨੀਆਂ ਮਾਵਾਂ ਅਪਣੇ ਜਵਾਨ ਪੁੱਤਾਂ ਨੂੰ ਗੁਆ ਚੁੱਕੀਆਂ ਹਨ ਤੇ ਕਿੰਨੀਆਂ ਭੈਣਾਂ ਵਿਧਵਾ ਹੋ ਚੁੱਕੀਆਂ ਹਨ। ਲੁੱਟ-ਖੋਹ ਕਤਲ ਦੀਆਂ ਘਟਨਾਵਾਂ ਬੇਖੌਫ ਲੋਕਾਂ ‘ਚ ਡਰ ਤੇ ਭੈਅ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਰਵਨੀਤ ਬਿੱਟੂ ਨੇ ਸੂਬਾ ਪੰਜਾਬ ਵਿੱਤ ਮੰਤਰਾਲੇ ਦੇ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਬਜਟ ਪੇਸ਼ ਕਰਨ ਦੌਰਾਨ ਪੰਜਾਬ ਤੇ ਆਰਥਿਕ ਬੋਝ ਘਟਿਆ ਦੀ ਗੱਲ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਜਾਣਦੇ ਹਨ ਕਿ ਜੇਕਰ ਪੰਜਾਬ ਤੇ ਆਰਥਿਕ ਬੋਝ ਸੱਭ ਤੋਂ ਜ਼ਿਆਦਾ ਵਧਿਆ ਹੈ ਤਾਂ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੇਲੇ ਵਧਿਆ ਹੈ। ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਸਿਹਤ ਬੀਮਾ ਯੋਜਨਾ ਦਾ ਪੰਜਾਬ ਵਾਸੀਆਂ ਨੂੰ ਸਹੀ ਲਾਭ ਦੇਣ ਵਿੱਚ ਪੰਜਾਬ ਸਰਕਾਰ ਪਹਿਲਾਂ ਹੀ ਨਾਕਾਮ ਰਹੀ ਹੈ। ਹੁਣ 5 ਲੱਖ ਰੁਪਏ ਨਾਲ ਹੋਰ 5 ਲੱਖ ਰੂਪਏ ਜੋੜ ਕੇ 10 ਲੱਖ ਰੁਪਏ ਕਰਨ ਦੀ ਗੱਲ ਹਾਸੋਹੀਣਾ ਦਿਖਾਈ ਦੇ ਰਹੀ ਹੈ ਕਿਉਂਕਿ ਜਿਹੜੀ ਸਰਕਾਰ 5 ਲੱਖ ਦੀ ਯੋਜਨਾ ਨੂੰ ਯੋਜਨਾਬਧ ਤਰੀਕੇ ਨਾਲ ਲਾਗੂ ਕਰਨ ‘ਚ ਅਸਫਲ ਰਹੀ ਹੈ, ਉਹ ਪੰਜਾਬ ਵਾਸੀਆਂ ਨੂੰ 10 ਲੱਖ ਰੂਪਏ ਦਾ ਲਾਭ ਕਿਸ ਤਰ੍ਹਾਂ ਪ੍ਰਦਾਨ ਕਰਵਾ ਸਕਦੀ ਹੈ। ਅੱਜ ਪੇਸ਼ ਕੀਤੇ ਗਏ ਹਾਸੋਹੀਣੇ ਪੰਜਾਬ ਬਜਟ ਦੀ ਗੱਲ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਬਜਟ ਵਿੱਚ ਕੀਤੀਆਂ ਗਈਆਂ ਵੱਡੀਆਂ ਵੱਡੀਆਂ ਗੱਲਾਂ ਤੇ ਮੱਲਾਂ ਸਿਰਫ ਸਰਕਾਰੀ ਦਫਤਰਾਂ, ਕਾਗਜ਼ਾਂ ਅਤੇ ਇਸਤਿਹਾਰੀ ਬੋਰਡਾਂ ਤੱਕ ਸੀਮਤ ਹਨ ਤੇ ਰਹਿਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲ ਤੋਂ 1100 ਰੂ: ਮਿਲਣ ਦੀ ਉਡੀਕ ਕਰ ਰਹੀਆਂ ਮਹਿਲਾਵਾਂ ਇਸ ਵਾਰ ਵੀ ਪੰਜਾਬ ਬਜਟ ਤੋਂ ਨਿਰਾਸ ਹੋਈਆਂ ਹਨ ਕਿਉਂ ਕਿ ਇਸ ਵਾਰੇ ਔਰਤਾਂ ਨਾਲ ਸਹਾਨੁਭੂਤੀ ਲਈ ਦੋ ਲਫਜ਼ ਵੀ ਨਹੀਂ ਸਨ।



